Saturday, March 10, 2007

ਸੱਚ

ਸੱਚ ਤਾਂ ਇਹ ਵੀ ਏ,
ਝੂਠ ਨੂੰ ਲੁਕਾਉਣਾ,
ਹਕੀਕਤ ਨੂੰ ਓਹਲੇ ਕਰਨਾਂ ਤਾਂ ਸੱਚ ਨਹੀਂ ।
ਇਹ ਕਹਾਣੀ ਕਿਸ ਦੀ ਏ,
ਮੇਰੀ...? ਨਹੀਂ .. ਨਹੀਂ...!
ਤੇਰੀ...? ਨਹੀਂ...ਨਹੀਂ....!
ਫਿਰ ਕਿਸ ਦੀ ਏ ਇਹ ਕਹਾਣੀ ਮਿੱਠੀ ਜਿਹੀ,
ਮੇਰੀ...? ਹਾਂ..ਹਾਂ....!
ਤੇਰੀ...? ਹਾਂ..ਹਾਂ....!
ਪਰ ਇਸ ਵਿੱਚ ਇਹ ਕੜਵਾ ਜਿਹਾ ਕੀ ਏ ..?
ਸ਼ਾਇਦ ਇਹ ਸੱਚ ਹੋਵੇ,
ਹਾਂ...! ਕੜਵਾ ਤਾਂ ਸੱਚ ਹੀ ਹੁੰਦੈ।
ਪਰ ਹਰ ਮਿੱਠੀ ਕਹਾਣੀ ਨੂੰ,
ਆਪਣਾ ਸਮਝਣਾ ਸੱਚ ਤਾਂ ਨਹੀਂ ।
ਸੱਚ ਤਾਂ ਇਹ ਵੀ ਏ,
ਝੂਠ ਨੂੰ ਲੁਕਾਉਣਾ।

ਚੰਨ


ਇਸ ਰਾਤ ਕਿਸੇ ਹੋਰ ਘਰ ਦੀ ਛੱਤ ਤੇ ਜਾ ਚੜ ਗਿਆ
ਉਹ ਚੰਨ ਜਿਹੜਾ ਨਾਲ ਸਾਡੇ ਕੌਲ ਸੀ ਕਈਂ ਕਰ ਗਿਆ

ਸੇਜ ਸੀ ਪੱਥਰਾਂ ਜਹੀ ਪਰ ਫੇਰ ਵੀ ਸਕੂਨ ਸੀ
ਸਰ੍ਹਾਣੇ ਥੱਲੇ ਮਖਮਲੀ ਕਈਂ ਸੁਪਨੇ ਸੀ ਉਹ ਧਰ ਗਿਆ

ਹੋਸ਼ੀਆਂ ਸਧਰਾਂ ਤੇ ਚੜਿਆ ਜਹਿਰ ਸਾਰੇ ਜਿਸਮ ਨੂੰ
ਖੁਸ਼ੀਆਂ ਦੀ ਜੀਬ ਤੇ ਚੰਦਰਾ ਨਾਗ ਸੀ ਇਕ ਲੜ ਗਿਆ

ਪਹਿਲਾਂ ਡੂੰਘਾ ਲਹਿ ਗਿਆ ਸੀ ਖਿਆਲ ਸਾਡ ਓਸ ਵਿੱਚ
ਫਿਰ ਕਿਸੇ ਹਲਕੀ ਸ਼ੈਅ ਵਾਂਗੂੰ ਉਪਰ-ਉਪਰ ਤਰ ਗਿਆ

ਤੈਨੂੰ ਬੇਗਾਨੀ ਛੱਤ ਤੇ ਇੰਝ ਵੇਖਕੇ ਵੰਡਦੇ ਰੋਸ਼ਨੀ
ਤੂੰ ਕੀ ਜਾਣੇ ਕਿਸ ਤਰਾਂ ਵੇ ਦਿਲ ਸਾਡਾ ਜਰ ਗਿਆ

Thursday, March 8, 2007

ਉਜੜੇ ਹੋਏ ਦਿਲ ਦਾ ਰਾਹ

ਤੇਰੇ ਤੇ ਆਈਆਂ ਲਾਲੀਆਂ ਦੂਣੀਆਂ ਤੇ ਤੀਣੀਆਂ
ਸਾਡੇ ਤੇ ਪਤਝੜ ਜਿਹੀ ਪੌਣ ਦੇ ਆਉਂਣ ਨਾਲ ।
ਤੇਰਾ ਗਰੂਰ ਹੋਰ ਵੀ ਜਿਆਦਾ ਸੀ ਹੋ ਗਿਆ
ਤੇਰੇ ਤੇ ਚੰਨ ਦੇ ਵਿਚਲਾ ਅੰਤਰ ਮਿਟਾਉਂਣ ਨਾਲ
ਮੈਂ ਆਪਣੇ ਹੀ ਹੱਥਾਂ ਨਾਲ ਇਸ ਕੋਸਿਸ਼ ਦੇ ਵਿੱਚ
ਸਾੜ ਲਏ ਸਭ ਚਾਅ ਸੂਰਜ ਤੱਕ ਪਹੁਚਾਉਂਣ ਨਾਲ
ਉਜੜੇ ਹੋਏ ਦਿਲ ਦਾ ਰਾਹ ਗਮਾਂ ਨੂੰ ਦਿਸ ਪਿਆ
ਸਰਦਲ ਤੇ ਇਕ ਪਿਆਰ ਦਾ ਦੀਪਕ ਜਗਾਉਂਣ ਨਾਲ
ਓ ਆਪੇ ਹੀ ਹਾਰ ਗਿਆ ਬਾਜੀ ਇਹ ਪਿਆਰ ਦੀ
ਗੈਰਾਂ ਨਾਲ ਮਿਲ ਕੇ ਸਾਨੂੰ ਹਰਨਾਉਂਣ ਨਾਲ
ਰਹਿੰਦੇ ਖੂਹੰਦੇ ਅਸੀ ਉਸ ਦਿਨ ਉਜੜ ਗਏ
ਤੇਰੇ ਨਾ ਦੀ ਸਹਿਰ ਵਿੱਚ ਮਹਿਫਿਲ ਸਜਾਉਂਣ ਨਾਲ
ਸ਼ਾਇਰ ਨੂੰ ਉਸ ਥਾਂ ਤੋਂ ਕੀ ਮਿਲਣੀ ਸੀ ਵਾਹ ਵਾਹ
ਮੁਰਦਿਆਂ ਦੇ ਸ਼ਹਿਰ ਵਿੱਚ ਕਵਿਤਾ ਸੁਨਾਉਂਣ ਨਾਲ

Saturday, March 3, 2007

ਜੀ ਆਇਆਂ ਨੂੰ


ਤੂੰ ਆਇਓਂ ਸਾਡੇ ਵਿਹੜੇ ਵੇ ਜੀ ਆਇਆਂ ਨੂੰ
ਸਾਡੇ ਮੁੱਕ ਗਏ ਝਗੜੇ ਝੇੜੇ ਵੇ ਜੀ ਆਇਆਂ ਨੂੰ

ਤੂੰ ਰੱਜ ਕੇ ਮਿਲ ਅਸਾਂ ਨੂੰ ਵੇ ਅਸੀ ਤੇਰੇ ਹਾਂ
ਅਸੀ ਝੱਲੇ ਦੁੱਖ ਬਥੇਰੇ ਵੇ ਜੀ ਆਇਆਂ ਨੂੰ

ਕਿਝ ਲੋਕਾਂ ਤੇਰਾ ਨਾ ਲੈ-ਲੈ ਜੋ ਮਿਹਣੇ ਮਾਰੇ
ਕੀ ਦੱਸਾਂ ਕਿਹੜੇ ਕਿਹੜੇ ਵੇ ਜੀ ਆਇਆਂ ਨੂੰ

ਤੂੰ ਆਇਓਂ ਅਸੀਂ ਇੰਝ ਰੱਖਤੇ ਤੇਰੇ ਕਦਮਾਂ ਵਿਚ
ਹੱਥ ਮਹਿੰਦੀ ਨਾਲ ਲਬੇੜੇ ਵੇ ਜੀ ਆਇਆਂ ਨੂੰ

ਅਸੀ ਜਨਮ-ਜਨਮ ਤੋਂ ਭਟਕੇ ਤੇਰੇ ਲਈ ਯਾਰਾ
ਅਸੀਂ ਅੱਜ ਤੋਂ ਹੋਏ ਤੇਰੇ ਵੇ ਜੀ ਆਇਆਂ ਨੂੰ

ਹਾਏ! ਉਹ ਬੱਸ ਖਾਬ੍ਹਾਂ ਚ ਸਾਡੇ ਘਰ ਆਉਂਦੈ
ਅਸੀ ਕੈਸੇ ਸਜਨ ਸਹੇੜੇ ਵੇ ਜੀ ਆਇਆ ਨੂੰ ।

Friday, March 2, 2007

ਸਿੰਗਾਰ


ਆਪਣੇ ਹੱਥਾਂ ਦੀ ਛੋਅ ਨਾਲ ਮੈਨੂੰ ਸੰਵਾਰ ਦੇ
ਮੈਂ ਪਿਆਸੀ ਹਾਂ ਕਾਇਆ ਤੂੰ ਮੈਨੂੰ ਪਿਆਰ ਦੇ।

ਮੈ ਨਹੀਂ ਚਹੁੰਦੀ ਕੇ ਤੂੰ ਤੋੜ ਲਿਆ ਚੰਨ ਤਾਰੇ
ਮੈਂ ਤਾਂ ਚਹੁੰਦੀ ਹਾਂ ਤੂੰ ਬੱਸ ਮੈਨੂੰ ਸ਼ਿੰਗਾਰ ਦੇ।

ਮੈਂ ਖਲਾਅ ਵਿੱਚ ਭਾਲਦੀ ਪਰਵਾਜ਼ ਦਾ ਹਾਣੀ
ਤੂੰ ਆਪਣੇ ਜਜਬਾਤਾਂ ਦੀ ਮੈਨੂੰ ਕੋਈ ਡਾਰ ਦੇ।

ਮੈਂ ਉਸਦੀ ਮੁਸ਼ਕਾਨ ਚੋਂ ਕਰ ਲਊਂ ਕਸੀਦ ਖੁਸ਼ੀਆਂ
ਤੂੰ ਕਿਤੇ ਮੈਨੂੰ ਇਕ ਵਾਰੀ ਮਹਿਕਦੀ ਬਹਾਰ ਦੇ।

ਮੇਰੇ ਲਈ ਤਾਂ ਤੇਰਾ ਹਰ ਤੋਹਫਾ ਸਿਰ ਮੱਥੇ
ਤੂੰ ਚਾਹੇ ਤਾਂ ਫੁੱਲ ਦੇ ਦੇ ਚਾਹੇ ਮੈਨੂੰ ਖਾਰ ਦੇ ।

ਫੁੱਲਾਂ ਦੇ ਚਿਹਰੇ ਤੇ ਜਿਉਂ ਸਬਨਮ ਹੈ ਡਲਕਦੀ
ਤੂੰ ਮੇਰੇ ਮੁੱਖ ਨੂੰ ਵੀ ਇਕ ਇੰਝ ਦੀ ਫੁਹਾਰ ਦੇ।

ਇਸ਼ਕ ਦੀ ਝਾਂਜਰ ਨੂੰ ਮੈਂ ਨਿਤ ਨਵਾਂ ਤਾਲ ਦੇਵਾਂ
ਤੂੰ ਮੇਰੇ ਕਦਮਾਂ ਨੂੰ ਸੱਜਣਾ ਐਸੀ ਰਫਤਾਰ ਦੇ ।

ਇਹ ਸਦਾ ਮਾਹਿਕਣ ਤੇ ਵੰਡਦੇ ਰਿਹਣ ਹਾਸੇ ਸਦਾ
ਤੂੰ ਮਹਿਕਦੇ ਫੁੱਲਾਂ ਨੂੰ ਇਕ ਐਸੀ ਗੁਲਜਾਰ ਦੇ।