Tuesday, November 13, 2007

ਅਲਵਿਦਾ.........!

ਉਹ ਅਕਸਰ ਹੀ ਮੈਨੂੰ ਆਖਿਆ ਕਰਦੀ ਸੀ,
ਕਦੀ ਹਨੇਰੇ ਚੋਂ ਬਾਹਰ ਆ,
ਰਸ਼ਨੀ ਕੀ ਏ ਤੈਨੂੰ ਅਜੇ ਇਸਦਾ ਅਹਿਸਾਸ ਨਹੀਂ।
ਪਾਣੀ ਦੀ ਕਲਪਨਾ ਨਦੀ ਨਹੀਂ ਹੈ,
ਸਾਗਰ ਕਿਨਾਰੇ ਚਲ,
ਛੂਹ ਕੇ ਵੇਖ ਚੰਚਲ ਲਹਿਰਾਂ ਨੂੰ ।

ਉਹ ਅਕਸਰ ਹੀ ਮੈਨੂੰ ਆਖਿਆ ਕਰਦੀ ਸੀ,
ਇਹ ਪੁਰਖਿਆਂ ਦੀਆਂ ਯਾਦਾਂ ਹੁਣ ਛੱਡ ਪਰਾਂ,
ਛੱਡ ਪਰਾਂ ਇਹ ਰੀਤਾਂ, ਇਹ ਅਡੰਬਰ,
ਇਹਨਾਂ ਵਿਚ ਤੇਰੀ ਯਾਦ ਉਲਝ ਅਸਤ ਜਾਵੇਗੀ,
ਚੱਲ ਕੇ ਆਜਾ ਰੋਸ਼ਨੀ ਵੱਲ।

ਉਹ ਅਕਸਰ ਹੀ ਮੈਨੂੰ ਆਖਿਆ ਕਰਦੀ ਸੀ,
ਦੁਪਿਹਰ ਵੇਲੇ ਸਿਵਿਆਂ ਵਿਚੋ ਲੰਘਣ ਦਾ ਡਰ ਤਰੇ ਮੰਨ ਦਾ ਏ,
ਇਕ ਦਿਨ ਤੂੰ ਵੀ ਤੇ ਮੈਂ ਵੀ ਏਥੇ ਆਉਣਾਂ ਏ,
ਤੇਰੀ ਵੀ ਥਾਂ ਏ ਇਥੇ,
ਆਪਣਾ ਹੱਕ ਸਾਂਭਣ ਦੀ ਜਾਚ ਸਿੱਖ,
ਜਾਚ ਸਿੱਖ ਜਿਉਣ ਦੀ।

ਜਦ ਕਦੇ ਮੈਂ ਘੌਰ ਉਦਾਸੀ ਪਲਾਂ ਵਿੱਚ ਗੁਆਚ ਜਾਂਦਾ,
ਤਾਂ ਉਹ ਅਕਸਰ ਹੀ ਮੈਨੂੰ ਆਖਿਆ ਕਰਦੀ ਸੀ,
ਨਿਕਲ ਆ ਇਹਨਾ ਹਨੇਰੇ ਦੇ ਜੰਗਲਾਂ ਵਿਚੋ,
ਆ ਫੜ ਲੈ ਮੇਰੀ ਬਾਂਹ, ਬਣਾ ਲੈ ਮੈਨੂੰ ਆਪਣੀ,
ਵਾਦਿਆਂ ਦੇ ਪੈਰ ਨਹੀਂ ਹੁੰਦੇ ਤੇ ਕੌਲ ਕਦੇ ਤ਼ੁਰ ਕੇ ਨਿਭਣ ਨਹੀਂ ਆਏ,
ਜੀਵਨ ਇਕ ਸਤਰੰਗੀ ਪੀਂਘ ਏ,
ਚੁਣ ਲੈ ਰੰਗ ਇਸਦੇ।

ਫਿਰ ਇਕ ਦਿਨ ਮੈਂ ਜਾਗ ਪਿਆ,
ਤੋੜ ਦਿਤੇ ਮੈਂ ਰੀਵਾਜ, ਸਾੜ ਦਿਤੀਆਂ ਰਸਮਾਂ,ਰੀਤਾਂ,
ਵਿਸਰ ਗਿਆ ਪੁਰਖਿਆਂ ਦੀਆਂ ਯਾਦਾਂ।

ਤੇ ਫਿਰ ਇਕ ਦਿਨ ਉਹ ਆਈ,
ਉਹ ਜੋ ਅਕਸਰ ਮੈਨੂੰ ਆਖਿਆ ਕਰਦੀ ਸੀ,
ਬਣਾ ਲੈ ਮੈਨੂੰ ਆਪਣੀ, ਬੜ ਲੈ ਮੇਰੀ ਬਾਂਹ।
ਪਰ ਅੱਜ ਉਹ ਕੁਝ ਹੋਰ ਆਖ ਗਈ,
ਸਿਰਜ ਗਈ ਕੁਝ ਨਵੀਆਂ ਰੀਤਾਂ,
ਰਚਾ ਗਈ ਇਕ ਨਵਾਂ ਅਡੰਬਰ,

ਉਸਦੇ ਬੋਲ ਅੱਜ ਤੱਕ ਮੇਰੇ ਕੰਨਾ ਚ ਗੁੰਜਦੇ ਨੇ,
ਅੜਿਆ ਮੈਂ ਤੇਰੀ ਨਹੀਂ ਹੋ ਸਕਦੀ,
ਸਮਾਜ ਮੈਨੂੰ ਤ਼ੇਰੀ ਨਹੀਂ ਹੋਣ ਦੇਵੇਗਾ,
ਅੱਛਾ ਮੈਂ ਚਲਦੀ ਆਂ,
ਅਲਵਿਦਾ.........!

(ਰੋਜ਼ੀ ਸਿੰਘ)

Tuesday, October 30, 2007

ਇਸ ਰਾਤ ਮੇਰੀ ਦਾ ਸਵੇਰਾ ਨਹੀ ਹੈ



ਨ ਚਿੜੀਆਂ ਦੀ ਚੂੰ ਚੂੰ ਨ ਕਿਰਨਾ ਦਾ ਚਾਨਣ
ਇਸ ਰਾਤ ਮੇਰੀ ਦਾ ਸਵੇਰਾ ਨਹੀ ਹੈ,
ਇਹ ਖਾਬਾਂ ਦੀ ਛਤਰੀ ਏ ਘਰ ਜੇ ਹੈ ਮੇਰਾ
ਇਸ ਘਰ ਦੀ ਨ ਛੱਤ ਕੋਈ ਬਨੇਰਾ ਨਹੀਂ ਹੈ।

ਇਹ ਅੰਨ੍ਹੀ ਜੋ ਭਟਕਣ, ਏ ਘੋਰ ਉਦਾਸੀ
ਏ ਨ੍ਹੇਰੇ ਦੀ ਵਲਗਣ ਚ ਹੁੰਦੀ ਜੋ ਕੰਪਨ
ਇਹ ਯਾਦਾਂ ਦੀ ਬਿਹਬਲ ਜੋ ਕੰਪਨ ਹੈ ਯਾਰੋ
ਕੋਈ ਇਸ ਦੇ ਲਈ ਵੀ ਬਸੇਰਾ ਨਹੀ ਹੈ।
ਨਾ ਚਿੜੀਆਂ ਦੀ ਚੁੰ ਚੂੰ.......

ਇਹਨਾ ਸੋਚਾਂ ਦੇ ਮੈਰੇ ਚ ਭਖੜੇ ਦੇ ਕੰਡੇ
ਏ ਲਫ਼ਜਾਂ ਦੇ ਪੈਰਾਂ ਚ ਚੁੱਬਦੇ ਰਹੇ ਨੇ
ਇਹ ਕੰਡੇ ਵੀ ਥੋਹੜੇ ਚਿਰ ਦੇ ਨੇ ਸਾਥੀ
ਸਾਥ ਇਹਨਾਂ ਦਾ ਕੋਈ ਲਮੇਰਾ ਨਹੀ ਹੈ
ਨਾ ਚਿੜੀਆਂ ਦੀ ਚੂੰ ਚੂੰ..........

ਜਾਗ ਪੈਂਦੀ ਏ ਜਦ ਵੀ ਸਿਆਲਾਂ ਦੀ ਰੁੱਤੇ
ਇਹ ਤੜਪ ਚੋ ਸੀਨੇ ਚ ਦਫਨ ਪਈ ਏ
ਕੋਈ ਇਸ ਦੇ ਲਈ ਕਿਉ ਖੋਲੇਗਾ ਬੂਹਾ
ਇਸ ਬਸਤੀ ਚ ਕੋਈ ਵੀ ਮੇਰਾ ਨਹੀ ਹੈ
ਨਾ ਚਿੜੀਆਂ ਦੀ ਚੂੰ ਚੂੰ ........

ਇਹ ਦੂਰ ਜੋ ਕਿਧਰੇ ਕੋਈ ਕਿਰਨ ਹੈ,
ਏ ਕਿਰਨ ਨਹੀ ਮਾਇਆਵੀ ਹਿਰਨ ਹੈ,
ਡਰਾਉਣਗੇ ਤੈਨੂੰ ਹਨੇਰਾ ਤੇ ਝੱਖੜ
ਇਹ ਘਰੋਂ ਟੁਰਨ ਦਾ ਵੇਲਾ ਨਹੀ ਹੈ।

ਨ ਚਿੜੀਆਂ ਦੀ ਚੂੰ ਚੂੰ ਨ ਕਿਰਨਾ ਦਾ ਚਾਨਣ
ਇਸ ਰਾਤ ਮੇਰੀ ਦਾ ਸਵੇਰਾ ਨਹੀ ਹੈ,
ਇਹ ਖਾਬਾਂ ਦੀ ਛਤਰੀ ਏ ਘਰ ਜੇ ਹੈ ਮੇਰਾ
ਇਸ ਘਰ ਦੀ ਨ ਛੱਤ ਕੋਈ ਬਨੇਰਾ ਨਹੀਂ ਹੈ।
~~~~ਰੋਜ਼ੀ ਸਿੰਘ~~~~~


Wednesday, October 3, 2007

ਗ਼ਜ਼ਲ

ਜਾ ਮੁੜ ਜਾ ਹੁਣ ਆਪਣੇ ਘਰ ਨੂੰ ਦੇਣਗੇ ਲੋਕੀ ਤਾਹਨਾ
ਹੁਣ ਤੱਕ ਸਾਰੇ ਭੁੱਲ ਗਏ ਹੋਣੇ ਤੇਰਾ ਜੋ ਅਫਸਾਨਾ ।

ਮਰ ਰਹੀਆਂ ਤਰਕਾਲਾਂ ਦੀ ਝੋਲੀ ਵਿੱਚ ਪਾ ਦੇਵੀਂ
ਕੋਸੋ ਕੋਸੇ ਹੁੰਝੁਆਂ ਦਾ ਤੂੰ ਸਾਂਭ ਕੇ ਰੱਖ ਨਜਰਾਨਾ।




ਕਈਂ ਵਾਰੀ ਕਿਸੇ ਹੋਰ ਦੇ ਹੰਝੁ ਅੱਖਾਂ ਵਿੱਚ ਆ ਜਾਂਦੇ
ਜਦ ਕਦੀ ਆਪਣਾ ਲਗਦਾ ਏ ਦਿਲ ਨੂੰ ਦਰਦ ਬੇਗਾਨਾ

ਸ਼ਾਂਮ ਪਈ ਨੂੰ ਫਿਰ ਘਰ ਜਾ ਕੇ ਦੱਸਣਾਂ ਪੈਣੈ ਤੈਨੂੰ
ਹੰਝੂਆਂ ਨੂੰ ਛੁਪਾਉਣ ਵਾਸਤੇ ਲੱਭ ਕੋਈ ਨਵਾਂ ਬਹਾਨਾ

ਜਦ ਹੁੰਦੀਆਂ ਸੀ ਸਾਂਝੀਆਂ ਪੀੜਾਂ,ਸਾਂਝੇ ਖੁਸ਼ੀ ਤੇ ਹਾਸੇ
ਲੰਘ ਗਏ ਉਹ ਸਮੇ ਪੁਰਾਣੇ ਆ ਗਿਆ ਹੋਰ ਜਮਾਨਾ

ਦੁੱਖ ਨਾ ਕਰ ਜੇ ਭੀੜ ਪਈ ਤੇ ਛੱਡ ਗਏ ਨੇ ਤੈਨੂੰ
ਏਸੇ ਕਰਕੇ ਗਿਐ ਪਰਖਿਆ ਯਾਰਾਂ ਦਾ ਯਾਰਾਨਾ

ਹਾਦਸੇ ਵਾਲੀ ਥਾਂ ਤੇ ਕੋਈ ਡਰਦਾ ਹੀ ਨਾ ਖੜਦਾ
ਤੜਪ ਤੜਪ ਕੇ ਅਕਸਰ ਯਾਰੋ ਟੁਰ ਜਾਂਦੀਆਂ ਜਾਨਾ

~~~ਰੋਜ਼ੀ ਸਿੰਘ~~~~~

Monday, July 30, 2007

ਕੁਝ ਤਾਂ ਬੋਲ ਵੇ ਪਿਆਰਿਆ

ਕੁਝ ਤਾਂ ਬੋਲ ਵੇ ਪਿਆਰਿਆ,
ਦਿਲ ਦੀ ਖੋਲ ਵੇ ਪਿਆਰਿਆ।
ਕੁਝ ਤਾਂ ..........

ਮੁੱਦਤਾਂ ਹੋਈਆਂ ਤੂੰ ਆਂਇਆਂ ਏਂ
ਕੀ ਦਿਲ ਵਿੱਚ ਵੇ ਲਕੋ ਆਇਆਂ ਏਂ
ਕੁੰਡੀ ਤਾਂ ਖੋਲ ਵੇ ਪਿਆਰਿਆ
ਕੁਝ ਤਾਂ ...........

ਕਾਹਨੂੰ ਮੁੱਖ ਨੂੰ ਮੋੜੀ ਜਾਵੇਂ
ਸੋਹਲ ਜਿਹਾ ਦਿਲ ਤੋੜੀ ਜਾਵੇਂ
ਬਹਿ ਜਾ ਸਾਡੇ ਕੋਲ ਵੇ ਪਿਆਰਿਆ
ਕੁਝ ਤਾਂ..........

ਦਿਲ ਦੀ ਸੁਣ ਜਾ ਦਿਲ ਦੀ ਕਹਿ ਜਾ
ਦੁੱਖੜੇ ਦੇ ਜਾ, ਖੁਸ਼ੀਆਂ ਲੈ ਜਾ
ਇਹੋ ਹੈ ਸਾਡੇ ਕੋਲ ਵੇ ਪਿਆਰਿਆ
ਕੁਝ ਤਾਂ ..........

ਗੈਰਾਂ ਨੂੰ ਗਲ ਲਾਈ ਜਾਵੇਂ
ਸੀਨੇ ਤੀਰ ਚਲਾਈ ਜਾਵੇ
ਸੱਚ ਦੀ ਤੱਕੜੀ ਤੋਲ ਵੇ ਪਿਆਰਿਆ
ਕੁਝ ਤਾਂ ਬੋਲ ਵੇ ਪਿਆਰਿਆ
ਕੁਝ ਤਾਂ ਬੋਲ ਵੇ ਪਿਆਰਿਆ।

ਰੋਜ਼ੀ ਸਿੰਘ

Friday, July 13, 2007

ਗ਼ਜ਼ਲ

ਅਜੇ ਨਵਾਂ ਨਵਾਂ ਏ ਸਾਡਾ ਪਿਆਰ ਸੱਜਣਾ
ਕ੍ਹਾਨੂੰ ਕਰਦੈਂ ਏ ਸਾਨੂੰ ਬੇ-ਕਰਾਰ ਸੱਜਣਾ
ਅਜੇ ਨਵਾਂ ਨਵਾਂ ..........

ਤੇਰੇ ਹੋਟਾਂ ਵਿੱਚੋਂ ਫੁੱਲਾਂ ਦੀ ਸੁਗੰਧ ਮਹਿਕਦੀ
ਤੇਰੇ ਬੋਲਾਂ ਵਿੱਚੋਂ ਕਿਰਦਾ ਖੁਮਾਰ ਸੱਜਣਾ
ਅਜੇ ਨਵਾਂ ਨਵਾਂ ਏ ........

ਸਾਡੀ ਜਿੰਦਗੀ ਚ ਤੇਰੇ ਬਿਨਾਂ ਅੜਿਆ ਵੇ ਜਾਪੇ
ਦਿਲ ਚੀਰਦੀ ਏ ਕੋਈ ਤਲਵਾਰ ਸੱਜਣਾ
ਅਜੇ ਨਵਾਂ ਨਵਾਂ .........

ਤੇਰਾ ਰੋਕ ਲੈਂਦੀ ਰਾਹ ਤੇਰੇ ਪੈਰੀਂ ਰੱਖ ਸਾਲੂ
ਦਿਲ ਡਾਢਾ ਮਜਬੂਰ ਸੀ ਲਾਚਾਰ ਸੱਜਣਾ
ਅਜੇ ਨਵਾਂ ਨਵਾਂ .......

ਇੰਝ ਹੋਣਾ ਸੀ ਜੇ ਕਿਸਮਤ ਤੱਤੜੀ ਦੇ ਨਾਲ
ਵੇ ਮੈਂ ਭੁੱਲ ਕੇ ਨਾ ਕਰਦੀ ਪਿਆਰ ਸੱਜਣਾ
ਅਜੇ ਨਵਾਂ ਨਵਾਂ........

ਇੱਕ ਤੇਰਿਆਂ ਵਿਯੋਗਾਂ ਨਾਲੋਂ ਟੁੱਟਿਆ ਨਾਂ ਨਾਤਾ
ਸਾਥੋਂ ਛੁੱਟ ਗਿਆ ਸਾਰਾ ਸੰਸਾਰ ਸੱਜਣਾ

ਅਜੇ ਨਵਾਂ ਨਵਾਂ ਏ ਸਾਡਾ ਪਿਆਰ ਸੱਜਣਾ
ਕਾਹਨੂੰ ਕਰਦੈਂ ਏ ਸਾਨੂੰ ਬੇ-ਕਰਾਰ ਸੱਜਣਾ

~~~~ਰੋਜ਼ੀ ਸਿੰਘ ~~~~~~

Monday, May 28, 2007

ਸਫੇਦ ਖੂਨ



ਮੈਂ ਸੁਣਿਆਂ ਸੀ,
ਖੂਨ ਦਾ ਰੰਗ ਲਾਲ ਹੁੰਦਾ ਏ।
ਡਾਕਟਰ ਕਹਿਦੇ ਨੇ ਕੇ,
ਆਰ.ਬੀ.ਸੀ. ਸੈਲ ਖੂਨ ਨੂੰ ਚਿੱਟਾ ਨਹੀਂ ਹੋਣ ਦਿੰਦੇ।
ਪਰ,
ਪਤਾ ਹੀ ਨਹੀਂ ਲੱਗਾ ਕਦੋਂ,
ਸਾਰੇ ਆਰ.ਬੀ.ਸੀ. ਮਰ ਗਏ,
ਤੇ ਸਾਰਾ ਖੂਨ ਸਫੈਦ ਹੋ ਗਿਆ,
ਨਹੀਂ ਤਾਂ ਇਨਸਾਨ ਵੱਲੋਂ,
ਕਦੀ ਮੰਦਿਰ ਤੇ ਕਦੀ ਮਸਜਿਦ,
ਕਦੀ ਕੋਮ, ਕਦੀ ਮਜਹਬ ਦੇ ਨਾਮ ਤੇ,
ਇਨਸਾਨ ਦਾ ਡੋਲਿਆ ਖੂਨ ਨਜਰੀਂ ਨਾ ਆਉਦਾ।

ਮੈਨੂੰ ਲਗਦੈ,
ਖੂਨ ਹੁਣ ਹੰਜੂਆਂ ਜਿਹਾ ਏ,
ਜਿਸ ਦਾ ਕੋਈ ਰੰਗ ਨਹੀਂ,
ਜਿਸ ਨਾਲ ਕੋਈ ਆਪਣਾ ਦਰਦ,
ਸਵਿਦਾਨ ਦੇ ਕੁਝ ਖਾਲੀ
ਪਏ ਪੰਨਿਆਂ ਤੇ ਨਹੀਂ ਲਿਖ ਸਕਦਾ।
ਨਈਂ ਸੱਚ,
ਸਵਿਧਾਨ ਵਿੱਚ ਤਾਂ ਕਾਨੂੰਨ ਤੇ ਮਨੁੱਖ ਦੇ ਕਰਤਵ ਲਿਖੇ ਹੁੰਦੇ ਨੇ,
ਉਥੇ ਕੋਈ ਮਾਂ ਆਪਣੇ ਪੁੱਤਰ,
ਕੋਈ ਭੈਣ ਆਪਣੇ ਭਰਾ,
ਕੋਈ ਪਤਨੀ ਆਪਣੇ ਪਤੀ,
ਦੀ ਲਾਸ਼ ਤੇ ਕੀਤੇ ਵਿਰਲਾਪ ਕਿਵੇਂ ਲਿਖ ਸਕਦੀ ਏ।
ਲਾਲ ਹਨੇਰੀ ਚੜੀ ਏ,
ਰੇਡੀਓ ਤੇ ਕਿਸੇ ਦੇ ਕਤਲ ਦੀ ਖ਼ਬ਼ਰ ਨਸ਼ਰ ਹੋਈ ਹੋਵੇਗੀ।
ਪਰ ਨਈਂ,
ਹੁਣ ਤਾਂ ਰੋਜ਼ ਅਖਬਾਰਾਂ ਵਿੱਚ ਕਿਸੇ ਨਾ ਕਿਸੇ ਦੇ,
ਕਤਲ ਦੀ ਖ਼ਬ਼ਰ ਹੁੰਦੀ ਏ,
ਲਾਲ ਹਨੇਰੀ ਵੀ ਕੀ ਕਰੇ,
ਵਿਚਾਰੀ ਡਰਦੀ ਏ,
ਕੇ ਕਿਤੇ ਇਨਸਾਨਾਂ ਵਾਂਗੂ,
ਕੋਈ ਉਸ ਦਾ ਵੀ ਕਤਲ ਨਾ ਕਰ ਦੇਵੇ।

(ਫੋਟੋਆਂ ਦਿੱਲੀ ਦੰਗਿਆਂ ਦੀਆਂ ਹਨ)





Saturday, May 19, 2007

ਸਾਡੀ ਜਿੰਦਗੀ ਦਾ ਦਾਅਵੇਦਾਰ ਤੂੰ


ਸੋਗ ਤੂੰ, ਖੁਸ਼ੀ ਤੁੰ ਤੇ ਪਿਆਰ ਤੂੰ
ਤੇਗ ਤੂੰ ਹੈਂ,ਢਾਲ ਤੂੰ ਤੇ ਵਾਰ ਤੂੰ

ਪਰਿੰਦਿਆਂ ਦੇ ਗਲ ਦੀ ਗਾਨੀ ਵੀ
ਫਾਂਸੀ ਬਣ ਜਾਂਦੈ ਜੋ,ਉਹ ਹਾਰ ਤੂੰ

ਦਲੀਲ ਵੀ,ਅਪੀਲ ਵੀ,ਵਕੀਲ ਵੀ
ਸਾਡੀ ਜਿੰਦਗੀ ਦਾ ਦਾਅਵੇਦਾਰ ਤੂੰ

ਤਪਦੀਆਂ ਰੂਹਾਂ ਦੇ ਉਤੇ ਵੀ ਕਦੇ
ਮੀਂਹ ਦੀ ਬਣ ਜਾਂਦੈ ਹੈਂ ਬੁਛਾਰ ਤੂੰ

ਸੋਚਾਂ ਦੇ ਪੈਰਾਂ ਦੀ ਝਾਜਰ ਵੀ ਕਦੇ
ਹੈਂ ਗਲੇ ਦਾ ਹੁੰਦਾ ਰਾਣੀ ਹਾਰ ਤੂੰ

ਦਿਲ ਦੀ ਕੀਮਤ ਦਾ ਤੈਨੂੰ ਕੀ ਪਤਾ
ਲਭਦੈ ਹੈ ਜਿਨੂੰ ਭਰੇ ਬਜਾਰ ਤੂੰ

ਕੀ ਤੈਨੂੰ ਕਹੀਏ ਵੇ ਨਿਰਮੋਹਿਆ
ਰੋਜ਼ੀ ਦਾ ਵੀ ਹੈਗਾ ਏ ਨਾ ਯਾਰ ਤੂੰ

~~~~ਰੋਜ਼ੀ ਸਿੰਘ ~~~~

Sunday, May 13, 2007

ਪਿਆਰ ਦੀ ਗੱਲ

ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ

ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ
ਕਰਦਾ ਏ ਜਦ ਕੋਈ ਬਹਾਰ ਦੀ ਗੱਲ

ਝਾਂਜਰ, ਝੁਮਕੇ, ਲਾਲੀ ਤੇ ਕੱਜਲ
ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ

ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ
ਹਾਏ ! ਓਹ ਤੇਰੇ ਇਜਹਾਰ ਦੀ ਗੱਲ

ਹਰ ਤਰਫ ਅੱਗਾਂ ਨੇ, ਮੌਤ ਹੈ, ਚੀਕਾਂ ਨੇ
ਕੋਈ ਸੁਣਦੀ ਨ੍ਹੀ ਅਮਨ ਪਿਆਰ ਦੀ ਗੱਲ

ਇਨਸਾਨੀਅਤ ਨੂੰ ਜਿਉਂਦਾ ਸਾੜਨ ਵਾਲੇ
ਜਾਨਣ ਕੀ ਅੰਤਿਮ ਸੰਸਕਾਰ ਦੀ ਗੱਲ ।

ਗਲੋਂ ਲਾਓ ਏ ਕੌਮਾਂ,ਮਜਹਬਾਂ ਦੇ ਚੱਕਰ
ਆਓ ਕਰੀਏ ਮੁਹੱਬਤ ਪਿਆਰ ਦੀ ਗੱਲ

Friday, April 13, 2007

ਚੁੱਪ ਦਾ ਨਿਕਾਬ


ਆਏ ਜੋ ਸਾਡੀ ਜਿੰਦਗੀ ਚ ਲੱਖਾਂ ਅਜਾਬ ਲੈ ਕੇ
ਅੱਜ ਉਹ ਮਿਲੇ ਅਸਾਂ ਨੂੰ ਸੂਹਾ ਗੁਲਾਬ ਲੈ ਕੇ
ਸਿਰ ਤੇ ਹੈ ਸਾਲੂ ਅੱਖਾਂ ਵਿੱਚ ਸ਼ਰਮ ਹਯਾ ਦੇ ਡੋਰੇ
ਨਿੱਕਲੀ ਹੈ ਪੋਣ ਫਿਰ ਅੱਜ ਹੱਥ ਚ ਕਿਤਾਬ ਲੈ ਕੇ

ਖਾਮੋਸ਼ੀਆਂ ਚ ਕਿਧਰੇ ਨਾ ਘੁਲ ਜਾਏ ਇਹ ਸ਼ੋਰ
ਟੁਰਦੇ ਹਾਂ ਘਰ ਤੋਂ ਮੁੱਖ ਤੇ ਚੁੱਪ ਦਾ ਨਿਕਾਬ ਲੈ ਕੇ

ਇਸ ਸ਼ੋਰ ਚ ਕਿਹੜਾ ਹੈ ਜੋ ਇਸਦੀ ਅਵਾਜ ਜਾਣੇ
ਬੜੀ ਦੇਰ ਤੋਂ ਖੜੇ ਹਾਂ ਦਰ ਤੇ ਰਬਾਬ ਲੈ ਕੇ

ਮੈ ਹੋਸਲਾ ਫਿਰ ਕਰਕੇ ਜਾ ਪਹੁੰਚਿਆ ਓਦੇ ਦਰ ਤੇ
ਪਰ ਪਰਤਣਾ ਪਿਆ ਫਿਰ ਕੋਰਾ ਜਵਾਬ ਲੈ ਕੇ
ਜੋੜ, ਘਟਾਓ, ਗੁਣਾ, ਜਰਬਾਂ, ਤਕਸੀਮਾਂ ਸਭ
ਆਏ ਨੇ ਅੱਜ ਉਹ ਸਾਡਾ ਚਿਰ ਦਾ ਹਿਸਾਬ ਲੈ ਕੇ
ਮੁਕਾ ਕੇ ਗਿਲੇ ਸ਼ਿਕਵੇ ਆ ਮਿਲ ਤੂੰ ਅੱਜ ਅਸਾਨੂੰ
ਮਿਲਣਾ ਪਏ ਨਾ ਅੱਖਾਂ ਚ ਹੰਝ ਦਾ ਸੈਲਾਬ ਲੈ ਕੇ
ਰੋਜ਼ੀ ਸਿੰਘ

Wednesday, April 4, 2007

ਰੁਖ਼ਸਾਰ




ਛੁਪੇ ਨੇ ਚੰਨ,ਸੂਰਜ ਤੇਰੇ ਰੁਖਸਾਰ ਦੇ ਵਿੱਚ
ਜਿਵੇ ਕੋਈ ਫੁੱਲ ਖਿੜਿਆ ਏ ਗੁਲ਼ਜ਼ਾਰ ਦੇ ਵਿੱਚ
ਵਗਦੇ ਪਾਣੀਆਂ ਨੇ ਤੱਕਿਆ ਤੇਰਾ ਅਕਸ਼ ਜਦੋਂ
ਤੇਜੀ ਆ ਗਈ ਉਹਨਾ ਦੀ ਰਫਤਾਰ ਦੇ ਵਿੱਚ
ਮੈ ਜਿਨੂੰ ਵੀ ਤੱਕਿਆ ਸਿਰਫ ਤੇਰੀ ਹੀ ਸੂਰਤ ਹੈ
ਇਹ ਕੈਸੇ ਫੁੱਲ ਖਿੜੇ ਨੇ ਇਸ ਬਹਾਰ ਦੇ ਵਿੱਚ
ਲੱਖ ਨਾਲ ਛਿੜੇ ਮਧੁਰ ਮਧੁਰ ਕੰਨਾ ਦੇ ਵਿੱਚ
ਝਾਂਜਰ ਜੋ ਛਣਕੀ ਛਣਕਾਰ ਦੇ ਵਿੱਚ
ਇਕ ਹੁਸਨ ਨਿਤ ਚੁਰਾਉਂਦਾ ਏ ਇਮਾਨਾ ਨੂੰ
ਇਹ ਕਿਸਦੀ ਖ਼ਬ਼ਰ ਛਪੀ ਏ ਅਖਬਾਰ ਦੇ ਵਿੱਚ
~~~~ਰੋਜ਼ੀ ਸਿੰਘ~~~

Saturday, March 10, 2007

ਸੱਚ

ਸੱਚ ਤਾਂ ਇਹ ਵੀ ਏ,
ਝੂਠ ਨੂੰ ਲੁਕਾਉਣਾ,
ਹਕੀਕਤ ਨੂੰ ਓਹਲੇ ਕਰਨਾਂ ਤਾਂ ਸੱਚ ਨਹੀਂ ।
ਇਹ ਕਹਾਣੀ ਕਿਸ ਦੀ ਏ,
ਮੇਰੀ...? ਨਹੀਂ .. ਨਹੀਂ...!
ਤੇਰੀ...? ਨਹੀਂ...ਨਹੀਂ....!
ਫਿਰ ਕਿਸ ਦੀ ਏ ਇਹ ਕਹਾਣੀ ਮਿੱਠੀ ਜਿਹੀ,
ਮੇਰੀ...? ਹਾਂ..ਹਾਂ....!
ਤੇਰੀ...? ਹਾਂ..ਹਾਂ....!
ਪਰ ਇਸ ਵਿੱਚ ਇਹ ਕੜਵਾ ਜਿਹਾ ਕੀ ਏ ..?
ਸ਼ਾਇਦ ਇਹ ਸੱਚ ਹੋਵੇ,
ਹਾਂ...! ਕੜਵਾ ਤਾਂ ਸੱਚ ਹੀ ਹੁੰਦੈ।
ਪਰ ਹਰ ਮਿੱਠੀ ਕਹਾਣੀ ਨੂੰ,
ਆਪਣਾ ਸਮਝਣਾ ਸੱਚ ਤਾਂ ਨਹੀਂ ।
ਸੱਚ ਤਾਂ ਇਹ ਵੀ ਏ,
ਝੂਠ ਨੂੰ ਲੁਕਾਉਣਾ।

ਚੰਨ


ਇਸ ਰਾਤ ਕਿਸੇ ਹੋਰ ਘਰ ਦੀ ਛੱਤ ਤੇ ਜਾ ਚੜ ਗਿਆ
ਉਹ ਚੰਨ ਜਿਹੜਾ ਨਾਲ ਸਾਡੇ ਕੌਲ ਸੀ ਕਈਂ ਕਰ ਗਿਆ

ਸੇਜ ਸੀ ਪੱਥਰਾਂ ਜਹੀ ਪਰ ਫੇਰ ਵੀ ਸਕੂਨ ਸੀ
ਸਰ੍ਹਾਣੇ ਥੱਲੇ ਮਖਮਲੀ ਕਈਂ ਸੁਪਨੇ ਸੀ ਉਹ ਧਰ ਗਿਆ

ਹੋਸ਼ੀਆਂ ਸਧਰਾਂ ਤੇ ਚੜਿਆ ਜਹਿਰ ਸਾਰੇ ਜਿਸਮ ਨੂੰ
ਖੁਸ਼ੀਆਂ ਦੀ ਜੀਬ ਤੇ ਚੰਦਰਾ ਨਾਗ ਸੀ ਇਕ ਲੜ ਗਿਆ

ਪਹਿਲਾਂ ਡੂੰਘਾ ਲਹਿ ਗਿਆ ਸੀ ਖਿਆਲ ਸਾਡ ਓਸ ਵਿੱਚ
ਫਿਰ ਕਿਸੇ ਹਲਕੀ ਸ਼ੈਅ ਵਾਂਗੂੰ ਉਪਰ-ਉਪਰ ਤਰ ਗਿਆ

ਤੈਨੂੰ ਬੇਗਾਨੀ ਛੱਤ ਤੇ ਇੰਝ ਵੇਖਕੇ ਵੰਡਦੇ ਰੋਸ਼ਨੀ
ਤੂੰ ਕੀ ਜਾਣੇ ਕਿਸ ਤਰਾਂ ਵੇ ਦਿਲ ਸਾਡਾ ਜਰ ਗਿਆ

Thursday, March 8, 2007

ਉਜੜੇ ਹੋਏ ਦਿਲ ਦਾ ਰਾਹ

ਤੇਰੇ ਤੇ ਆਈਆਂ ਲਾਲੀਆਂ ਦੂਣੀਆਂ ਤੇ ਤੀਣੀਆਂ
ਸਾਡੇ ਤੇ ਪਤਝੜ ਜਿਹੀ ਪੌਣ ਦੇ ਆਉਂਣ ਨਾਲ ।
ਤੇਰਾ ਗਰੂਰ ਹੋਰ ਵੀ ਜਿਆਦਾ ਸੀ ਹੋ ਗਿਆ
ਤੇਰੇ ਤੇ ਚੰਨ ਦੇ ਵਿਚਲਾ ਅੰਤਰ ਮਿਟਾਉਂਣ ਨਾਲ
ਮੈਂ ਆਪਣੇ ਹੀ ਹੱਥਾਂ ਨਾਲ ਇਸ ਕੋਸਿਸ਼ ਦੇ ਵਿੱਚ
ਸਾੜ ਲਏ ਸਭ ਚਾਅ ਸੂਰਜ ਤੱਕ ਪਹੁਚਾਉਂਣ ਨਾਲ
ਉਜੜੇ ਹੋਏ ਦਿਲ ਦਾ ਰਾਹ ਗਮਾਂ ਨੂੰ ਦਿਸ ਪਿਆ
ਸਰਦਲ ਤੇ ਇਕ ਪਿਆਰ ਦਾ ਦੀਪਕ ਜਗਾਉਂਣ ਨਾਲ
ਓ ਆਪੇ ਹੀ ਹਾਰ ਗਿਆ ਬਾਜੀ ਇਹ ਪਿਆਰ ਦੀ
ਗੈਰਾਂ ਨਾਲ ਮਿਲ ਕੇ ਸਾਨੂੰ ਹਰਨਾਉਂਣ ਨਾਲ
ਰਹਿੰਦੇ ਖੂਹੰਦੇ ਅਸੀ ਉਸ ਦਿਨ ਉਜੜ ਗਏ
ਤੇਰੇ ਨਾ ਦੀ ਸਹਿਰ ਵਿੱਚ ਮਹਿਫਿਲ ਸਜਾਉਂਣ ਨਾਲ
ਸ਼ਾਇਰ ਨੂੰ ਉਸ ਥਾਂ ਤੋਂ ਕੀ ਮਿਲਣੀ ਸੀ ਵਾਹ ਵਾਹ
ਮੁਰਦਿਆਂ ਦੇ ਸ਼ਹਿਰ ਵਿੱਚ ਕਵਿਤਾ ਸੁਨਾਉਂਣ ਨਾਲ

Saturday, March 3, 2007

ਜੀ ਆਇਆਂ ਨੂੰ


ਤੂੰ ਆਇਓਂ ਸਾਡੇ ਵਿਹੜੇ ਵੇ ਜੀ ਆਇਆਂ ਨੂੰ
ਸਾਡੇ ਮੁੱਕ ਗਏ ਝਗੜੇ ਝੇੜੇ ਵੇ ਜੀ ਆਇਆਂ ਨੂੰ

ਤੂੰ ਰੱਜ ਕੇ ਮਿਲ ਅਸਾਂ ਨੂੰ ਵੇ ਅਸੀ ਤੇਰੇ ਹਾਂ
ਅਸੀ ਝੱਲੇ ਦੁੱਖ ਬਥੇਰੇ ਵੇ ਜੀ ਆਇਆਂ ਨੂੰ

ਕਿਝ ਲੋਕਾਂ ਤੇਰਾ ਨਾ ਲੈ-ਲੈ ਜੋ ਮਿਹਣੇ ਮਾਰੇ
ਕੀ ਦੱਸਾਂ ਕਿਹੜੇ ਕਿਹੜੇ ਵੇ ਜੀ ਆਇਆਂ ਨੂੰ

ਤੂੰ ਆਇਓਂ ਅਸੀਂ ਇੰਝ ਰੱਖਤੇ ਤੇਰੇ ਕਦਮਾਂ ਵਿਚ
ਹੱਥ ਮਹਿੰਦੀ ਨਾਲ ਲਬੇੜੇ ਵੇ ਜੀ ਆਇਆਂ ਨੂੰ

ਅਸੀ ਜਨਮ-ਜਨਮ ਤੋਂ ਭਟਕੇ ਤੇਰੇ ਲਈ ਯਾਰਾ
ਅਸੀਂ ਅੱਜ ਤੋਂ ਹੋਏ ਤੇਰੇ ਵੇ ਜੀ ਆਇਆਂ ਨੂੰ

ਹਾਏ! ਉਹ ਬੱਸ ਖਾਬ੍ਹਾਂ ਚ ਸਾਡੇ ਘਰ ਆਉਂਦੈ
ਅਸੀ ਕੈਸੇ ਸਜਨ ਸਹੇੜੇ ਵੇ ਜੀ ਆਇਆ ਨੂੰ ।

Friday, March 2, 2007

ਸਿੰਗਾਰ


ਆਪਣੇ ਹੱਥਾਂ ਦੀ ਛੋਅ ਨਾਲ ਮੈਨੂੰ ਸੰਵਾਰ ਦੇ
ਮੈਂ ਪਿਆਸੀ ਹਾਂ ਕਾਇਆ ਤੂੰ ਮੈਨੂੰ ਪਿਆਰ ਦੇ।

ਮੈ ਨਹੀਂ ਚਹੁੰਦੀ ਕੇ ਤੂੰ ਤੋੜ ਲਿਆ ਚੰਨ ਤਾਰੇ
ਮੈਂ ਤਾਂ ਚਹੁੰਦੀ ਹਾਂ ਤੂੰ ਬੱਸ ਮੈਨੂੰ ਸ਼ਿੰਗਾਰ ਦੇ।

ਮੈਂ ਖਲਾਅ ਵਿੱਚ ਭਾਲਦੀ ਪਰਵਾਜ਼ ਦਾ ਹਾਣੀ
ਤੂੰ ਆਪਣੇ ਜਜਬਾਤਾਂ ਦੀ ਮੈਨੂੰ ਕੋਈ ਡਾਰ ਦੇ।

ਮੈਂ ਉਸਦੀ ਮੁਸ਼ਕਾਨ ਚੋਂ ਕਰ ਲਊਂ ਕਸੀਦ ਖੁਸ਼ੀਆਂ
ਤੂੰ ਕਿਤੇ ਮੈਨੂੰ ਇਕ ਵਾਰੀ ਮਹਿਕਦੀ ਬਹਾਰ ਦੇ।

ਮੇਰੇ ਲਈ ਤਾਂ ਤੇਰਾ ਹਰ ਤੋਹਫਾ ਸਿਰ ਮੱਥੇ
ਤੂੰ ਚਾਹੇ ਤਾਂ ਫੁੱਲ ਦੇ ਦੇ ਚਾਹੇ ਮੈਨੂੰ ਖਾਰ ਦੇ ।

ਫੁੱਲਾਂ ਦੇ ਚਿਹਰੇ ਤੇ ਜਿਉਂ ਸਬਨਮ ਹੈ ਡਲਕਦੀ
ਤੂੰ ਮੇਰੇ ਮੁੱਖ ਨੂੰ ਵੀ ਇਕ ਇੰਝ ਦੀ ਫੁਹਾਰ ਦੇ।

ਇਸ਼ਕ ਦੀ ਝਾਂਜਰ ਨੂੰ ਮੈਂ ਨਿਤ ਨਵਾਂ ਤਾਲ ਦੇਵਾਂ
ਤੂੰ ਮੇਰੇ ਕਦਮਾਂ ਨੂੰ ਸੱਜਣਾ ਐਸੀ ਰਫਤਾਰ ਦੇ ।

ਇਹ ਸਦਾ ਮਾਹਿਕਣ ਤੇ ਵੰਡਦੇ ਰਿਹਣ ਹਾਸੇ ਸਦਾ
ਤੂੰ ਮਹਿਕਦੇ ਫੁੱਲਾਂ ਨੂੰ ਇਕ ਐਸੀ ਗੁਲਜਾਰ ਦੇ।

Wednesday, February 28, 2007

ਯਾਦਾਂ ਦਾ ਪੁੱਲ




ਸਰਦ ਰਾਤਾਂ ਚ ਜੋ ਵਿਛ ਜਾਣ ਚਾਨਣੀ ਦੇ ਵਾਂਗ
ਇਹ ਮੇਰੀਆਂ ਬਦਨਾਮ ਤੇ ਗੁਸਤਾਖ ਪ੍ਰਭਾਤਾਂ ਨੇ

ਜੋ ਇਸ ਤਰਾਂ ਜਗਾ ਦਿੰਦੀਆਂ ਨੇ ਮੈਨੂੰ ਨੀਂਦ ਚੋ
ਮੇਰੇ ਦੋਸਤਾਂ ਨੇ ਦਿਤੀਆਂ ਅਨਮੋਲ ਸੋਗਾਤਾਂ ਨੇ

ਸ਼ਿਆ ਚਸ਼ਮਾਂ ਬਣ ਜਾਂਦੀਆਂ ਚਿਟੇ ਦਿਨ ਜੋ
ਪਿਆਰ ਦੀਆਂ ਇਹ ਬਹੁਤ ਪ੍ਰਾਚੀਨ ਰਿਵਾਇਤਾਂ ਨੇ

ਉਨੀਂਦਰਾ,ਇਹ ਤਲਖੀਆਂ,ਇਹ ਹੰਝੂ ਇਹ ਸਭ ਜੋ ਹੈ
ਤੇਰੇ ਸ਼ਹਿਰ ਵਿੱਚ ਵਿਕਦੀਆਂ ਨਿਤ ਰੋਜ਼ ਸੁਗਾਤਾਂ ਨੇ

ਰਹਿਣ ਦੇ ਇਹ ਦੋਸਤੀ,ਅਪਨਾਪਨ ਤੇ ਇਹ ਜਜ਼ਬਾਤ
ਇਹ ਤਾਂ ਗੂੜੀ ਪ੍ਰੀਤ, ਮੁਹੱਬਤ ,ਮੋਹ ਦੀਆਂ ਬਾਤਾਂ ਨੇ

ਤੂੰ ਤਾਂ ਐਵੇਂ ਇਹਨਾ ਨੂੰ ਇੰਝ ਵੇਖ ਕੇ ਤ੍ਰਬਕ ਗਿਐਂ
ਇਹ ਤਾਂ ਮੇਰੇ ਹਾਣਦੀਆਂ ਕੁਝ ਕਾਲੀਆਂ ਰਾਤਾਂ ਨੇ

ਚੋਰ ਬਜਾਰੀ, ਮਕਾਰੀ, ਧੋਖੇਬਾਜੀ, ਜਾਲਸਾਜੀ
ਅੱਜ ਕੱਲ ਦੁਨੀਆਂ ਵਿੱਚ ਇਹ ਬੰਦੇ ਦੀਆਂ ਜਾਤਾਂ ਨੇ

ਤੂੰ ਹੀ ਲੰਘ ਸਕਦਾ ਹੈਂ ਇਹ ਜੋ ਯਾਦਾਂ ਦਾ ਪੁਲ ਬਣਿਐਂ
ਤੂੰ ਅੱਗ ਤੇ ਵੀ ਟੁਰ ਸਕਦੈਂ ਤੇਰੀਆਂ ਕਿਆ ਬਾਤਾਂ ਨੇ ।

~~~~ਰੋਜ਼ੀ ਸਿੰਘ~~~~

Tuesday, February 27, 2007

ਉਹ ਸੱਜਣ ਜੋ ਪਿਆਰ ਜਿਹੇ ਸੀ



ਉਹਦੇ ਬੋਲ ਜੋ ਟੁਨਕਾਰ ਜਿਹੇ ਸੀ,
ਉਹਦੇ ਹਰਫ ਜੋ ਛਨਕਾਰ ਜਿਹੇ ਸੀ,
ਅੱਜ ਫਿਰ ਖਾਅਬ ਚ ਮਿਲੇ ਮੈਨੂੰ,
ਉਹ ਸੱਜਣ ਜੋ ਪਿਆਰ ਜਿਹੇ ਸੀ।

ਹਾਸਾ ਸੀ ਜਿਵੇਂ ਫੁੱਲ ਕੋਈ ਖਿੜਦੈ,
ਅਵਾਜ ਸੀ ਜਿਵੇਂ ਸਾਜ ਕੋਈ ਛਿੜਦੈ,
ਪੱਤਝੜ ਚ ਨਿਕਲੇ ਸੀ ਜਿਹੜੇ ਪੱਤੇ
ਉਹ ਬਿਲਕੁਲ ਉਹਦੀ ਨੁਹਾਰ ਜਿਹੇ ਸੀ।

ਉਹ ਪਲ ਹੀ ਨਾ ਆਏ ਕਲਾਵੇ ਚ,
ਉਡ ਗਏ ਇਕੋ ਹੀ ਬਸ ਛਲਾਵੇ ਚ,
ਨਿਖਰੇ ਨਿਖਰੇ ਜਿਹੇ ਖਿਆਲ ਉਸਦੇ,
ਵਿਰਾਨੇ ਚ ਖਿਲੀ ਬਹਾਰ ਜਿਹੇ ਸੀ।

ਪੋਲੇ ਜਿਹੇ ਛੁਪ-ਛੁਪ ਪੱਬ ਧਰਕੇ,
ਹੱਥ ਚ ਸੂਹਾ ਗੁਲਾਬ ਇਕ ਫੜਕੇ
ਵਿਹੜੇ ਚ ਸਾਡੇ ਉਸਦੇ ਉਹ ਕਦਮ,
ਪਿਆਰ ਦੇ ਪਹਿਲੇ ਇਜਹਾਰ ਜਿਹੇ ਸੀ।

ਮੱਥੇ ਤੇ ਲਟ ਇਕ ਦਿਲ ਚ ਉਲਝਣ,
ਕਿਝ ਇਹ ਦੋਵੇਂ ਚੀਜਾਂ ਹੁਣ ਸੁਲਝਣ,
ਤੇਰੇ ਵੀ ਮੰਨ ਚ ਉਠਦੇ ਸੀ ਜਿਹੜੇ
ਉਹ ਵਿਚਾਰ ਵੀ ਮੇਰੇ ਵਿਚਾਰ ਜਿਹੇ ਸੀ

ਅੱਜ ਫਿਰ ਖਾਅਬ ਚ ਮਿਲੇ ਮੈਨੂੰ,
ਉਹ ਸੱਜਣ ਜੋ ਪਿਆਰ ਜਿਹੇ ਸੀ।

~~~ਰੋਜ਼ੀ ਸਿੰਘ~~~

ਬੜੀ ਦੇਰ ਲੱਗੀ


ਅਸੀ ਕਾਇਨਾਤ ਦੇ ਰੰਗਾ ਨੂੰ ਸੰਜੋਇਆ ਸਜਨਾ
ਤੇਰੀ ਤਸਵੀਰ ਬਣਾਵਨ ਚ ਬੜੀ ਦੇਰ ਲੱਗੀ


ਕਈ ਮੁੱਦਤਾਂ ਤੋਂ ਚਾਹਿਆ ਹੈ ਤੈਨੂੰ ਮਾਹੀਆ
ਸਾਨੂੰ ਤਕਦੀਰ ਬਣਾਵਨ ਚ ਬੜੀ ਦੇਰ ਲੱਗੀ


ਅੱਜ ਤਾਂ ਧੁੱਪ ਹੀ ਨਹੀਂ ਨਿਕਲੀ ਤੇਰੇ ਰੰਗ ਵਰਗੀ
ਅੱਜ ਫਿਰ ਵਾਲ ਸੁਕਾਵਨ ਚ ਬੜੀ ਦੇਰ ਲੱਗੀ


ਅਸੀ ਅਜਲਾਂ ਤੋਂ ਕਰਦੇ ਹਾਂ ਮੁਹੱਬਤ ਉਸਨੂੰ
ਉਹਨੂੰ ਯਕੀਨ ਦਵਾਵਨ ਚ ਬੜੀ ਦੇਰ ਲੱਗੀ


ਬੜੇ ਮੁੰਹਜ਼ੋਰ ਹੋਏ ਫਿਰਦੇ ਸੀ ਹਨੇਰੇ ਉਸ ਦਿਨ

ਮੈਨੂ ਦੀਪ ਜਲਾਵਨ ਚ ਬੜੀ ਦੇਰ ਲੱਗੀ ।
~~~~~ਰੋਜ਼ੀ ਸਿੰਘ~~~~~~

Monday, February 26, 2007

ਯਾਰ ਦੀ ਗੱਲ

ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ
ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ
ਕਰਦਾ ਏ ਜਦ ਕੋਈ ਬਹਾਰ ਦੀ ਗੱਲ
ਝਾਂਜਰ, ਝੁਮਕੇ, ਲਾਲੀ ਅਤੇ ਕੱਜਲ
ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ
ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ
ਹਾਏ ! ਓਹ ਤੇਰੇ ਇਜਹਾਰ ਦੀ ਗੱਲ
ਹਰ ਤਰਫ ਅੱਗਾਂ ਨੇ, ਮੌਤ ਹੈ, ਚੀਕਾਂ ਨੇ
ਸੁਣਦੀ ਨਹੀਂ ਅਮਨ ਪਿਆਰ ਦੀ ਗੱਲ
ਇਨਸਾਨੀਅਤ ਨੂੰ ਜਿਉਂਦਾ ਸਾੜਨ ਵਾਲੇ
ਜਾਨਣ ਕੀ ਅੰਤਿਮ ਸੰਸਕਾਰ ਦੀ ਗੱਲ ।
ਗਲੋਂ ਲਾਓ ਏ ਕੌਮਾਂ,ਮਜਹਬਾਂ ਦੇ ਚੱਕਰ
ਆਓ ਕਰੀਏ ਮੁਹੱਬਤ ਪਿਆਰ ਦੀ ਗੱਲ

~~~ਰੋਜ਼ੀ ਸਿੰਘ

ਰਸਤੇ ਚ ਕੋਈ ਹੋਰ



ਕਿਸ ਪਥ ਤੇ ਪਿਆਰ ਹੈ ਬੇ-ਟੋਕ ਚਲ ਪਿਆ
ਰਸਤੇ ਚ ਕੋਈ ਹੋਰ ਹੈ, ਬਾਹਾਂ ਚ ਕੋਈ ਹੋਰ ।

ਅੱਜ ਕੱਲ ਤਾਂ ਕੁਝ ਇੰਝ ਹੀ ਖੁਸ਼ੀਆਂ ਨੇ ਦੋਸਤੋ
ਹਾਸੇ ਨੇ ਕਿਸੇ ਹੋਰ ਦੇ ਚਿਹਰੇ ਨੇ ਕੋਈ ਹੋਰ ।


ਕਾਂਵਾਂ ਨੇ ਲੱਖ ਵਾਰ ਸੀ ਟੁਰ ਟੁਰ ਕੇ ਵੇਖਿਆ
ਕਿਸੇ ਦੀ ਨਹੀ ਸੀ ਪਰ ਮੋਰਾਂ ਜਿਹੀ ਟੋਰ ।


ਰਿਸਤੇ ਵੀ ਬਣਦੇ ਨੇ ਹੁਣ ਧੋਖਿਆਂ ਵਰਗੇ
ਦਿਲ ਚ ਕੁਝ ਹੋਰ ਤੇ ਨਜ਼ਰਾਂ ਚ ਕੋਈ ਹੋਰ

ਉਨ੍ਹਾਂ ਦਾ ਭੇਦ ਉਨ੍ਹਾਂ ਦੀਆਂ ਪੈੜਾਂ ਨੇ ਖੋਲਤਾ
ਟੁਰੇ ਸੀ ਜਿਹੜੇ ਰਾਖਿਆਂ ਦੇ ਨਾਲ ਮਿਲਕੇ ਚੋਰ

ਅਹਿਸਾਸ ਆਪਣੀ ਥਾਂ ਹੈ ਜ਼ਜਬਾਤ ਆਪਣੀ ਥਾਂ
ਮਾਯੂਸੀਆਂ ਦੀ ਜਿੰਦਗੀ ਬੇਟੁਕ ਰਈ ਏ ਦੋੜ

ਕੀ ਖੱਟਣੈ ਅਸੀ ਮਹਿਖਾਨਿਆਂ ਚ ਜਾ ਕੇ
ਸਾਨੂੰ ਤਾਂ ਚੜੀ ਰਹਿੰਦੀ ਨੈਣਾ ਤੇਰਿਆਂ ਦੀ ਲੋਰ

~~~ਰੋਜ਼ੀ ਸਿੰਘ~~~