Tuesday, June 24, 2008

ਉਂਝ ਤਾਂ ਮੈਂ ਵੀ........

ਉਂਝ ਤਾਂ ਮੈਂ ਵੀ ਦੁਨੀਆਂ ਦੀਆਂ ਨਜ਼ਰਾਂ ਵਿੱਚ ਮਹਾਨ ਬੰਦਾ ਵਾਂ,
ਆਦਰਸ਼ਵਾਦੀ,
ਪਰ ਕੌਣ ਪੜ ਸਕਦੈ,
ਕਿਸੇ ਦੇ ਦਿਲ ਦੀਆਂ ਪਰਤਾਂ।

ਉਂਝ ਤਾਂ ਮੈਂ ਵੀ ਨਿੱਤ ਨਵੇਂ ਮਖੌਟੇ ਇਸ ਚਿਹਰੇ ਤੇ ਸਜਾ ਲੈਂਦਾਂ
ਬਹਿਰੂਪੀਆਂ ਵਾਗ
ਪਰ ਕੌਣ ਛੁਪਾ ਸਕਦੈ,
ਸ਼ੀਸ਼ੇ ਸ਼ਨਮੁੱਖ ਆਪਣਾ ਚਿਹਰਾ।

ਉਂਝ ਤਾਂ ਮੈਂ ਵੀ ਕ੍ਰਾਂਤੀਵਾਦੀ,
ਜੂਝਾਰੂ ਸੌਚ ਰੱਖਣ ਦੇ ਦਾਅਵੇ ਕਰਦਾਂ
ਪਰ ਸ਼ਾਮ ਨੂੰ ਸਰਮਾਏਦਾਰੀ ਨਿਜਾਮ ਦੇ ਲੋਕਾਂ ਨਾਲ,
ਜਾਂਮ ਵੀ ਟਕਰਾ ਲੈਂਦਾਂ।

ਉਂਝ ਤੇ ਮੈਂ ਵੀ,
ਗਰੀਬਾਂ ਗਲ ਪਈਆਂ,
ਲੰਗਾਰ ਹੋਈਆਂ ਕਮੀਜਾਂ ਦੇਖ ਕੇ,
ਦੁਖੀ ਹੋਣ ਦਾ ਢੌਂਗ ਰਚ ਲੈਂਦਾਂ,
ਪਰ ਵਿਹੜਾ ਸਾਂਬਰਦੀ ਕਿਸੇ ਗਰੀਬ ਕੰਜਕ ਦੇ,
ਲੰਗਾਰਾਂ ਚੋਂ ਡੁੱਲਦਾ ਹੁਸਣ ਤੱਕਣੋਂ ਵੀ ਨਹੀਂ ਟਲਦਾ।

ਉਂਝ ਤਾਂ ਮੈਂ ਵੀ ਦੁੱਖ ਦੇ ਵਕਤ,
ਅਫਸੋਸ ਦੀ ਲੋਈ ਓੜ ਕੇ,
ਸ਼ਰੀਕਾਂ ਘਰੇ ਜਾ ਆਉਂਦਾਂ
ਤੇ ਅੰਦਰ ਇੱਕ ਖੋਖਲਾ ਜਿਹਾ ਹਾਸਾ ਦਬਾਈ ਪਰਤ ਆਉਂਦਾਂ।

ਬੜਾ ਕਮਜੋਰ ਹਾਂ ਮੈਂ,
ਲਾਚਾਰ,
ਡਰਦਾ ਰਹਿੰਦਾਂ ਆਪਣੇ ਅੰਦਰ ਲੁਕੇ ਸੱਚ ਤੋਂ ,
ਕੌਣ ਜਾਣਦੈ,
ਮਹਾਣ ਹੋਣ ਦਾ ਭਰਮ,
ਕਦ ਟੁੱਟ ਜਾਵੇ.......!

Thursday, March 20, 2008

ਹੁਣ ਮੈਨੂੰ ਵਿਦਾ ਕਰੋ ਯਾਰੋ.......

ਹੁਣ ਮੈਨੂੰ ਵਿਦਾ ਕਰੋ ਯਾਰੋ.......
ਕਿ ਮੈਂ ਹਸਰਤਾਂ ਦੇ ਬਾਗੀਂ ਚੰਦਨ ਦੀ ਮਹਿਕ ਨਾ ਬਣ ਸਕਿਆ॥
ਮੈਨੂੰ ਮੁਆਫ ਕਰਨਾ.....
ਕਿ ਮੈਂ ਤੁਹਾਡੇ ਸੁਪਨਿਆਂ ਦੀ ਧਰਤੀ ਤੇ ਖੱਬਲ ਬਣ ਉੱਘ ਆਇਆ ।
ਬੇਸ਼ੁਮਾਰ ਤੋਹਮਤਾਂ ਨੇ, ਬੇਪਨਾਂਹ ਗੁਨਾਂਹ......
ਫੱਟ ਤਾਂ ਇਕ ਈ ਬਹੁਤ ਹੁੰਦੈ...
ਆਦਮੀ ਦੇ ਮਰਨ ਲਈ.....!!!
ਹੁਣ ਮੈਨੂੰ ਵਿਦਾ ਕਰੋ ਯਾਰੋ....

ਦਰਾਂ ਚੋਂ ਮੁੜ ਗਈ ਹੋਵੇ ਜਦ ਢਲਦੀ ਸ਼ਾਮ ਦੀ ਲੌਅ
ਤਦ ਮੈਂ ਕਿਸੇ ਲਈ ਦੀਪ ਨਾ ਬਣਿਆਂ
ਕੁਹਰਾਮ ਦੀ ਰਾਤੇ....
ਤੇ ਹਨੇਰਿਆਂ ਸੰਗ ਰਲ ਗਿਆ...
ਆਪਣਾ ਆਪਾ ਲੁਕਾਉਣ ਲਈ......!!
ਦਰਪਣ ਤਾਂ ਟੁੱਟਾਂ ਵੀ ਬਹੁਤ ਹੁੰਦੈ...
ਆਪਣੇ ਅੰਦਰ ਦੇ ਸੈਤਾਨ ਨੂੰ ਵੇਖਣ ਲਈ...
ਹੁਣ ਮੈਨੂੰ ਵਿਦਾ ਕਰੋ ਯਾਰੋ......!

ਕਿ ਜਦ ਸਮਿਆਂ ਨੇ ਮਜਲੂਮਾਂ ਖਿਲਾਫ ਫਤਵਾ ਦੇ ਦਿੱਤਾ
ਮੈਨੂੰ ਯਾਦ ਏ ਮੈਂ ਮਜਲੂਮ ਨਾ ਰਿਹਾ ...
ਮੁਨਸਫਾਂ ਸੰਗ ਰਲ ਗਿਆ.....
ਤਦ ਮੈਨੂੰ ਤੜਫਨ ਵਾਲੀ ਮੋਤ ਤੋਂ ਮੁਕਤੀ ਮਿਲ ਗਈ ....
ਪਰ ਭਟਕਣ ਤਾਂ ਇਕ ਜਨਮ ਦੀ ਵੀ ਬਹੁਤ ਹੁੰਦੀ ਏ ॥
ਮੁਕਤੀ ਦੇ ਦਰ ਢੁੱਕਣ ਲਈ.....
ਹੁਣ ਮੈਨੂੰ ਵਿਦਾ ਕਰੋ ਯਾਰੋ.....!!

ਮੇਰੀ ਮਿੱਟੀ ਚ ਜਦ ਕੋਈ ਫੁੱਲ ਉਗੇਗਾ...
ਮੈਨੂੰ ਡਰ ਏ....
ਮੇਰੇ ਮੱਥੇ ਦੇ ਦਾਗ ਨਾ ਲੈ ਉਗੇ....
ਦੁਆ ਕਰਨਾ ਮੇਰੀ ਕਬਰ ਨਾ ਜੀਵੇ....
ਤੇ ਕੋਈ ਨਾ ਜਗਾਵੇ ਕਬਰ ਤੇ ਦੀਵੇ ....
ਜੁਗਨੂੰ ਜਦ ਦੇਖਦਾਂ ਤਾਂ ਸੋਚਦਾਂ ॥
ਰੋਸ਼ਨੀ ਤਾਂ ਜੁਗਨੂੰ ਦੀ ਵੀ ਬਹੁਤ ਹੁੰਦੀ ਏ....
ਜਮੀਰ ਜਿੰਦਾ ਰੱਖਣ ਲਈ....
ਹੁਣ ਮੈਨੂੰ ਵਿਦਾ ਕਰੋ ਯਾਰੋ.......
ਕਿ ਮੈਂ ਹਸਰਤਾਂ ਦੇ ਬਾਗੀਂ ਚੰਦਨ ਦੀ ਮਹਿਕ ਨਾ ਬਣ ਸਕਿਆ॥
ਮੈਨੂੰ ਮੁਆਫ ਕਰਨਾ.....
ਕਿ ਮੈਂ ਤੁਹਾਡੇ ਸੁਪਨਿਆਂ ਦੀ ਧਰਤੀ ਤੇ ਖੱਬਲ ਬਣ ਉੱਘ ਆਇਆ ।


ਜਦ ਤੂੰ ਮਿਲਿਆ ਸੈਂ

ਜਦ ਤੂੰ ਮਿਲਿਆ ਸੈਂ
ਸਾਇਦ ਉਹ ਬਹਾਰਾਂ ਦੀ ਰੁੱਤ ਸੀ,
ਢਲਦੇ ਸਿਆਲ ਦੀ ਕੋਸੀ ਕੋਸੀ ਧੁੱਪ 'ਚ,
ਮੇਰੀ ਬਾਂਹ ਫੜ ਤੂੰ ਮੈਨੂੰ, ਪੱਤਝੜ ਤੋਂ 'ਚੇਤਰ' ਵੱਲ ਲੈ ਗਿਐ ਸੈਂ
ਮਖਮਲੀ ਖਿਆਲਾਂ ਵਿੱਚ,
ਤੇਰਾ ਜਿਕਰ ਮੇਰੇ ਸਾਹੀਂ ਸੁਗੰਧੀਆਂ ਪਿਆ ਘੋਲਦੈ ।

ਤੇ ਜਦ ਤੂੰ ਜੁਦਾ ਹੋਇਓਂ
ਤਾਂ ਇੰਝ ਲੱਗਾ ਜਿਵੇਂ ਮੇਰੇ ਕੋਮਲ ਹੱਥਾਂ ਦੀ ਨਾਜੁਕ ਪਕੜ 'ਚੋਂ
ਆਪਣਾ ਪੱਲੂ ਛੁਡਾ,ਮੈਨੂੰ 'ਦੋਜ਼ਖਾਂ' ਦੀ ਅੱਗ ਵਿੱਚ ਸੁੱਟ ਗਿਆ ਹੋਵੇਂ ।

ਕਿੰਨਾਂ ਫਰਕ ਹੰਦੈ.....
'ਅੱਗ' ਤੇ 'ਚੇਤਰ' ਵਿੱਚ.....
ਜਿਵੇਂ ਤੇਰੇ ਤੇ ਮੇਰੇ ਵਿੱਚਕਾਰ ਦੂਰੀਆਂ ਦਾ ਇੱਕ ਖਲਾਅ ਹੋਵੇ ।

ਤੂੰ ਹੁਣ ਨਾ ਆਵੀਂ ਅੜਿਆ.....
ਹੁਣ ਮੇਰੇ ਦਿਲ ਦੀ ਧਰਾਤਲ 'ਤੇ,
ਪਿਆਰ ਦੇ ਅੰਕੁਰ ਨਾ ਫੁੱਟਣੇ...,
ਨਾ ਹੀ ਸੰਗ ਨਾਲ ਹੁਣ ਮੇਰਾ ਚਿਹਰਾ ਲਾਲ ਹੁੰਦਾ ਏ ।

ਉਝ ਤਾਂ ਹੁਣ ਮੈਂ ਵੀ ਉਜਾੜ ਜਿੰਦਗੀ ਤੋਂ ਅੱਕ ਗਈ ਆਂ,
ਖੋਰੇ ਓ ਕਿਹੜੀ ਚੇਸਟਾ ਏ...ਜੋ ਅੱਜ ਤਾਈਂ,
ਮੇਰੀ ਖੁਦਕੁਸ਼ੀ ਦੇ ਰਾਹ ਵਿੱਚ ਔਕੜ ਬਣ ਜਾਂਦੀ ਏ।
ਸਾਇਦ ਇਹ ਤੇਰੀ ਯਾਦ ਦਾ ਇਕ ਪਾਰਦਰਸ਼ੀ ਹਿੱਸਾ ਏ ....
ਜਿਹੜਾ ਮੇਰੇ ਦਿਲ ਦੇ ਸੀਸੇ ਚੋਂ ਪਿਆ ਦਿਸਦਾ ਏ।

ਕਿਵੇਂ ਛੁਡਾਵਾਂ ਖਹਿੜਾ,
ਤੇਰੀਆਂ ਬਿਹਬਲ ਯਾਦਾਂ ਤੋਂ
ਮਨ 'ਚ ਉਡੀਕ ਰਹਿੰਦੀ ਏ ਕਿਸੇ ਹੋਰ ਚੇਤਰ ਦੀ.....
ਸੋਚਦੀ ਆਂ ਮੇਰੇ ਈ ਘਰ ਬਹਾਰ ਕਿਉਂ ਨਾ ਆਉਦੀ...ਹਾਏ...!

ਕੀ ਖੱਟਿਐ ਮੈਂ,
ਕਲੀਰਿਆਂ ਦੀ ਕੈਦ ਚੋਂ ਛੁੱਟ ਕੇ,
ਵਿਛੋੜਿਆਂ ਦੀ ਕਾਲ ਕੋਠੜੀ ਚ ਆ ਬੈਠੀ ਆਂ
ਸੋਗੀ ਪੀੜਾਂ, ਮੇਰੇ ਹੱਡਾਂ ਨੂੰ ਪਈਆਂ ਖਾਂਦੀਆਂ ਨੇ...

ਜਦ ਤੂੰ ਮਿਲਿਆ ਸੈਂ ਸਾਇਦ ਉਹ ਬਹਾਰਾਂ ਦੀ ਰੁੱਤ ਸੀ,
ਹੁਣ ਮੇਰੇ ਚਿਹਰੇ ਤੇ ਪਤਝੜ ਤੋਂ ਸਿਵਾ ਕੁਝ ਨਹੀਂ ਏ...
ਕੁਝ ਵੀ ਤਾਂ ਨਹੀਂ ਏ .....
ਜਦ ਤੂੰ ਮਿਲਿਆ ਸੈਂ ਸਾਇਦ ਉਹ ਬਹਾਰਾਂ ਦੀ ਰੁੱਤ ਸੀ।
......ਰੋਜੀ ਸਿੰਘ.....

Saturday, January 26, 2008

ਨੇਰ੍ਹੇ ਦੀ ਔਕਾਤ

ਇਨ੍ਹਾਂ ਪਾਵਨ ਪੰਨਿਆਂ ਤੇ ਉਹ ਬਾਤ ਵੀ ਲਿਖਣੀ ਪਈ
ਅੱਖਾਂ ਵਿੱਚੋਂ ਨੀਂਦ ਵਿਹੂਣੀ ਉਹ ਰਾਤ ਵੀ ਲਿਖਣੀ ਪਈ

ਪਤਾ ਨਾ ਲੱਗਾ ਕਦ ਸਾਨੂੰ ਉਹ ਭਰ ਕੇ ਮੁੱਠੀ ਦੇ ਗਏ
ਛੋਟੀ ਉਮਰੇ ਹੰਝੂਆਂ ਦੀ ਸੋਗਾਤ ਵੀ ਲਿਖਣੀ ਪਈ

ਜੋ ਕੁਝ ਉਹਨਾਂ ਝੋਲੀ ਪਾਇਆ ਘਰ ਜਾ ਕੇ ਜਦ ਡਿੱਠਾ
ਮਜਲੂਮਾਂ ਨੂੰ ਮਿਲੀ ਸੀ ਜੋ ਖੈਰਾਤ ਵੀ ਲਿਖਣੀ ਪਈ

ਮੈਂ ਨਹੀਂ ਚਾਹੁੰਦਾ ਹਨੇਰਾ ਪੜ ਕੇ ਇਸ ਨੂੰ ਖੌਲ ਪਏ
ਮਜਬੂਰੀ ਵੱਸ ਮੈਨੂੰ ਸੱਚੀ ਬਾਤ ਵੀ ਲਿਖਣੀ ਪਈ

ਮੈ ਦੱਸਿਆਂ ਇਨਸਾਨ ਹਾਂ ਮੈਂ ਫਿਰ ਵੀ ਓ ਸਮਝੇ ਈ ਨਾ
ਆਖਿਰ ਆਪਣੇ ਨਾਮ ਪਿਛੇ ਜਾਤ ਵੀ ਲਿਖਣੀ ਪਈ

ਜੋ ਅਸਾਡੇ ਸੀਨਿਆਂ ਨੂੰ ਦੇ ਗਏ ਦਿਲ ਬਦਲੇ ਉਹ
ਨਾ ਚਾਹੁੰਦਿਆਂ ਮੈਨੂੰ ਉਹ ਸ਼ੁਕਰਾਤ ਵੀ ਲਿਖਣੀ ਪਈ

ਜੋ ਮੇਰੇ ਚਾਵਾਂ ਦੇ ਲਈ ਸੀ ਕਾਲੀ ਸ਼ਿਆ ਰਾਤ ਵਾਂਗ
ਹਾਏ...! ਮੈਨੂੰ ਇੰਝ ਦੀ ਪ੍ਰਭਾਤ ਵੀ ਲਿਖਣੀ ਪਈ

ਬਹੁਤ ਜਦ ਕੋਹਰਾਮ ਮੱਚਿਆ ਤਾਂ ਹਨੇਰੇ ਨੱਚ ਪਏ
ਫਿਰ ਸ਼ਮਾਂ ਨੂੰ ਨੇਰ੍ਹੇ ਦੀ ਔਕਾਤ ਵੀ ਲਿਖਣੀ ਪਈ ।