Wednesday, February 28, 2007

ਯਾਦਾਂ ਦਾ ਪੁੱਲ




ਸਰਦ ਰਾਤਾਂ ਚ ਜੋ ਵਿਛ ਜਾਣ ਚਾਨਣੀ ਦੇ ਵਾਂਗ
ਇਹ ਮੇਰੀਆਂ ਬਦਨਾਮ ਤੇ ਗੁਸਤਾਖ ਪ੍ਰਭਾਤਾਂ ਨੇ

ਜੋ ਇਸ ਤਰਾਂ ਜਗਾ ਦਿੰਦੀਆਂ ਨੇ ਮੈਨੂੰ ਨੀਂਦ ਚੋ
ਮੇਰੇ ਦੋਸਤਾਂ ਨੇ ਦਿਤੀਆਂ ਅਨਮੋਲ ਸੋਗਾਤਾਂ ਨੇ

ਸ਼ਿਆ ਚਸ਼ਮਾਂ ਬਣ ਜਾਂਦੀਆਂ ਚਿਟੇ ਦਿਨ ਜੋ
ਪਿਆਰ ਦੀਆਂ ਇਹ ਬਹੁਤ ਪ੍ਰਾਚੀਨ ਰਿਵਾਇਤਾਂ ਨੇ

ਉਨੀਂਦਰਾ,ਇਹ ਤਲਖੀਆਂ,ਇਹ ਹੰਝੂ ਇਹ ਸਭ ਜੋ ਹੈ
ਤੇਰੇ ਸ਼ਹਿਰ ਵਿੱਚ ਵਿਕਦੀਆਂ ਨਿਤ ਰੋਜ਼ ਸੁਗਾਤਾਂ ਨੇ

ਰਹਿਣ ਦੇ ਇਹ ਦੋਸਤੀ,ਅਪਨਾਪਨ ਤੇ ਇਹ ਜਜ਼ਬਾਤ
ਇਹ ਤਾਂ ਗੂੜੀ ਪ੍ਰੀਤ, ਮੁਹੱਬਤ ,ਮੋਹ ਦੀਆਂ ਬਾਤਾਂ ਨੇ

ਤੂੰ ਤਾਂ ਐਵੇਂ ਇਹਨਾ ਨੂੰ ਇੰਝ ਵੇਖ ਕੇ ਤ੍ਰਬਕ ਗਿਐਂ
ਇਹ ਤਾਂ ਮੇਰੇ ਹਾਣਦੀਆਂ ਕੁਝ ਕਾਲੀਆਂ ਰਾਤਾਂ ਨੇ

ਚੋਰ ਬਜਾਰੀ, ਮਕਾਰੀ, ਧੋਖੇਬਾਜੀ, ਜਾਲਸਾਜੀ
ਅੱਜ ਕੱਲ ਦੁਨੀਆਂ ਵਿੱਚ ਇਹ ਬੰਦੇ ਦੀਆਂ ਜਾਤਾਂ ਨੇ

ਤੂੰ ਹੀ ਲੰਘ ਸਕਦਾ ਹੈਂ ਇਹ ਜੋ ਯਾਦਾਂ ਦਾ ਪੁਲ ਬਣਿਐਂ
ਤੂੰ ਅੱਗ ਤੇ ਵੀ ਟੁਰ ਸਕਦੈਂ ਤੇਰੀਆਂ ਕਿਆ ਬਾਤਾਂ ਨੇ ।

~~~~ਰੋਜ਼ੀ ਸਿੰਘ~~~~

Tuesday, February 27, 2007

ਉਹ ਸੱਜਣ ਜੋ ਪਿਆਰ ਜਿਹੇ ਸੀ



ਉਹਦੇ ਬੋਲ ਜੋ ਟੁਨਕਾਰ ਜਿਹੇ ਸੀ,
ਉਹਦੇ ਹਰਫ ਜੋ ਛਨਕਾਰ ਜਿਹੇ ਸੀ,
ਅੱਜ ਫਿਰ ਖਾਅਬ ਚ ਮਿਲੇ ਮੈਨੂੰ,
ਉਹ ਸੱਜਣ ਜੋ ਪਿਆਰ ਜਿਹੇ ਸੀ।

ਹਾਸਾ ਸੀ ਜਿਵੇਂ ਫੁੱਲ ਕੋਈ ਖਿੜਦੈ,
ਅਵਾਜ ਸੀ ਜਿਵੇਂ ਸਾਜ ਕੋਈ ਛਿੜਦੈ,
ਪੱਤਝੜ ਚ ਨਿਕਲੇ ਸੀ ਜਿਹੜੇ ਪੱਤੇ
ਉਹ ਬਿਲਕੁਲ ਉਹਦੀ ਨੁਹਾਰ ਜਿਹੇ ਸੀ।

ਉਹ ਪਲ ਹੀ ਨਾ ਆਏ ਕਲਾਵੇ ਚ,
ਉਡ ਗਏ ਇਕੋ ਹੀ ਬਸ ਛਲਾਵੇ ਚ,
ਨਿਖਰੇ ਨਿਖਰੇ ਜਿਹੇ ਖਿਆਲ ਉਸਦੇ,
ਵਿਰਾਨੇ ਚ ਖਿਲੀ ਬਹਾਰ ਜਿਹੇ ਸੀ।

ਪੋਲੇ ਜਿਹੇ ਛੁਪ-ਛੁਪ ਪੱਬ ਧਰਕੇ,
ਹੱਥ ਚ ਸੂਹਾ ਗੁਲਾਬ ਇਕ ਫੜਕੇ
ਵਿਹੜੇ ਚ ਸਾਡੇ ਉਸਦੇ ਉਹ ਕਦਮ,
ਪਿਆਰ ਦੇ ਪਹਿਲੇ ਇਜਹਾਰ ਜਿਹੇ ਸੀ।

ਮੱਥੇ ਤੇ ਲਟ ਇਕ ਦਿਲ ਚ ਉਲਝਣ,
ਕਿਝ ਇਹ ਦੋਵੇਂ ਚੀਜਾਂ ਹੁਣ ਸੁਲਝਣ,
ਤੇਰੇ ਵੀ ਮੰਨ ਚ ਉਠਦੇ ਸੀ ਜਿਹੜੇ
ਉਹ ਵਿਚਾਰ ਵੀ ਮੇਰੇ ਵਿਚਾਰ ਜਿਹੇ ਸੀ

ਅੱਜ ਫਿਰ ਖਾਅਬ ਚ ਮਿਲੇ ਮੈਨੂੰ,
ਉਹ ਸੱਜਣ ਜੋ ਪਿਆਰ ਜਿਹੇ ਸੀ।

~~~ਰੋਜ਼ੀ ਸਿੰਘ~~~

ਬੜੀ ਦੇਰ ਲੱਗੀ


ਅਸੀ ਕਾਇਨਾਤ ਦੇ ਰੰਗਾ ਨੂੰ ਸੰਜੋਇਆ ਸਜਨਾ
ਤੇਰੀ ਤਸਵੀਰ ਬਣਾਵਨ ਚ ਬੜੀ ਦੇਰ ਲੱਗੀ


ਕਈ ਮੁੱਦਤਾਂ ਤੋਂ ਚਾਹਿਆ ਹੈ ਤੈਨੂੰ ਮਾਹੀਆ
ਸਾਨੂੰ ਤਕਦੀਰ ਬਣਾਵਨ ਚ ਬੜੀ ਦੇਰ ਲੱਗੀ


ਅੱਜ ਤਾਂ ਧੁੱਪ ਹੀ ਨਹੀਂ ਨਿਕਲੀ ਤੇਰੇ ਰੰਗ ਵਰਗੀ
ਅੱਜ ਫਿਰ ਵਾਲ ਸੁਕਾਵਨ ਚ ਬੜੀ ਦੇਰ ਲੱਗੀ


ਅਸੀ ਅਜਲਾਂ ਤੋਂ ਕਰਦੇ ਹਾਂ ਮੁਹੱਬਤ ਉਸਨੂੰ
ਉਹਨੂੰ ਯਕੀਨ ਦਵਾਵਨ ਚ ਬੜੀ ਦੇਰ ਲੱਗੀ


ਬੜੇ ਮੁੰਹਜ਼ੋਰ ਹੋਏ ਫਿਰਦੇ ਸੀ ਹਨੇਰੇ ਉਸ ਦਿਨ

ਮੈਨੂ ਦੀਪ ਜਲਾਵਨ ਚ ਬੜੀ ਦੇਰ ਲੱਗੀ ।
~~~~~ਰੋਜ਼ੀ ਸਿੰਘ~~~~~~

Monday, February 26, 2007

ਯਾਰ ਦੀ ਗੱਲ

ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ
ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ
ਕਰਦਾ ਏ ਜਦ ਕੋਈ ਬਹਾਰ ਦੀ ਗੱਲ
ਝਾਂਜਰ, ਝੁਮਕੇ, ਲਾਲੀ ਅਤੇ ਕੱਜਲ
ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ
ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ
ਹਾਏ ! ਓਹ ਤੇਰੇ ਇਜਹਾਰ ਦੀ ਗੱਲ
ਹਰ ਤਰਫ ਅੱਗਾਂ ਨੇ, ਮੌਤ ਹੈ, ਚੀਕਾਂ ਨੇ
ਸੁਣਦੀ ਨਹੀਂ ਅਮਨ ਪਿਆਰ ਦੀ ਗੱਲ
ਇਨਸਾਨੀਅਤ ਨੂੰ ਜਿਉਂਦਾ ਸਾੜਨ ਵਾਲੇ
ਜਾਨਣ ਕੀ ਅੰਤਿਮ ਸੰਸਕਾਰ ਦੀ ਗੱਲ ।
ਗਲੋਂ ਲਾਓ ਏ ਕੌਮਾਂ,ਮਜਹਬਾਂ ਦੇ ਚੱਕਰ
ਆਓ ਕਰੀਏ ਮੁਹੱਬਤ ਪਿਆਰ ਦੀ ਗੱਲ

~~~ਰੋਜ਼ੀ ਸਿੰਘ

ਰਸਤੇ ਚ ਕੋਈ ਹੋਰ



ਕਿਸ ਪਥ ਤੇ ਪਿਆਰ ਹੈ ਬੇ-ਟੋਕ ਚਲ ਪਿਆ
ਰਸਤੇ ਚ ਕੋਈ ਹੋਰ ਹੈ, ਬਾਹਾਂ ਚ ਕੋਈ ਹੋਰ ।

ਅੱਜ ਕੱਲ ਤਾਂ ਕੁਝ ਇੰਝ ਹੀ ਖੁਸ਼ੀਆਂ ਨੇ ਦੋਸਤੋ
ਹਾਸੇ ਨੇ ਕਿਸੇ ਹੋਰ ਦੇ ਚਿਹਰੇ ਨੇ ਕੋਈ ਹੋਰ ।


ਕਾਂਵਾਂ ਨੇ ਲੱਖ ਵਾਰ ਸੀ ਟੁਰ ਟੁਰ ਕੇ ਵੇਖਿਆ
ਕਿਸੇ ਦੀ ਨਹੀ ਸੀ ਪਰ ਮੋਰਾਂ ਜਿਹੀ ਟੋਰ ।


ਰਿਸਤੇ ਵੀ ਬਣਦੇ ਨੇ ਹੁਣ ਧੋਖਿਆਂ ਵਰਗੇ
ਦਿਲ ਚ ਕੁਝ ਹੋਰ ਤੇ ਨਜ਼ਰਾਂ ਚ ਕੋਈ ਹੋਰ

ਉਨ੍ਹਾਂ ਦਾ ਭੇਦ ਉਨ੍ਹਾਂ ਦੀਆਂ ਪੈੜਾਂ ਨੇ ਖੋਲਤਾ
ਟੁਰੇ ਸੀ ਜਿਹੜੇ ਰਾਖਿਆਂ ਦੇ ਨਾਲ ਮਿਲਕੇ ਚੋਰ

ਅਹਿਸਾਸ ਆਪਣੀ ਥਾਂ ਹੈ ਜ਼ਜਬਾਤ ਆਪਣੀ ਥਾਂ
ਮਾਯੂਸੀਆਂ ਦੀ ਜਿੰਦਗੀ ਬੇਟੁਕ ਰਈ ਏ ਦੋੜ

ਕੀ ਖੱਟਣੈ ਅਸੀ ਮਹਿਖਾਨਿਆਂ ਚ ਜਾ ਕੇ
ਸਾਨੂੰ ਤਾਂ ਚੜੀ ਰਹਿੰਦੀ ਨੈਣਾ ਤੇਰਿਆਂ ਦੀ ਲੋਰ

~~~ਰੋਜ਼ੀ ਸਿੰਘ~~~