Tuesday, October 30, 2007

ਇਸ ਰਾਤ ਮੇਰੀ ਦਾ ਸਵੇਰਾ ਨਹੀ ਹੈ



ਨ ਚਿੜੀਆਂ ਦੀ ਚੂੰ ਚੂੰ ਨ ਕਿਰਨਾ ਦਾ ਚਾਨਣ
ਇਸ ਰਾਤ ਮੇਰੀ ਦਾ ਸਵੇਰਾ ਨਹੀ ਹੈ,
ਇਹ ਖਾਬਾਂ ਦੀ ਛਤਰੀ ਏ ਘਰ ਜੇ ਹੈ ਮੇਰਾ
ਇਸ ਘਰ ਦੀ ਨ ਛੱਤ ਕੋਈ ਬਨੇਰਾ ਨਹੀਂ ਹੈ।

ਇਹ ਅੰਨ੍ਹੀ ਜੋ ਭਟਕਣ, ਏ ਘੋਰ ਉਦਾਸੀ
ਏ ਨ੍ਹੇਰੇ ਦੀ ਵਲਗਣ ਚ ਹੁੰਦੀ ਜੋ ਕੰਪਨ
ਇਹ ਯਾਦਾਂ ਦੀ ਬਿਹਬਲ ਜੋ ਕੰਪਨ ਹੈ ਯਾਰੋ
ਕੋਈ ਇਸ ਦੇ ਲਈ ਵੀ ਬਸੇਰਾ ਨਹੀ ਹੈ।
ਨਾ ਚਿੜੀਆਂ ਦੀ ਚੁੰ ਚੂੰ.......

ਇਹਨਾ ਸੋਚਾਂ ਦੇ ਮੈਰੇ ਚ ਭਖੜੇ ਦੇ ਕੰਡੇ
ਏ ਲਫ਼ਜਾਂ ਦੇ ਪੈਰਾਂ ਚ ਚੁੱਬਦੇ ਰਹੇ ਨੇ
ਇਹ ਕੰਡੇ ਵੀ ਥੋਹੜੇ ਚਿਰ ਦੇ ਨੇ ਸਾਥੀ
ਸਾਥ ਇਹਨਾਂ ਦਾ ਕੋਈ ਲਮੇਰਾ ਨਹੀ ਹੈ
ਨਾ ਚਿੜੀਆਂ ਦੀ ਚੂੰ ਚੂੰ..........

ਜਾਗ ਪੈਂਦੀ ਏ ਜਦ ਵੀ ਸਿਆਲਾਂ ਦੀ ਰੁੱਤੇ
ਇਹ ਤੜਪ ਚੋ ਸੀਨੇ ਚ ਦਫਨ ਪਈ ਏ
ਕੋਈ ਇਸ ਦੇ ਲਈ ਕਿਉ ਖੋਲੇਗਾ ਬੂਹਾ
ਇਸ ਬਸਤੀ ਚ ਕੋਈ ਵੀ ਮੇਰਾ ਨਹੀ ਹੈ
ਨਾ ਚਿੜੀਆਂ ਦੀ ਚੂੰ ਚੂੰ ........

ਇਹ ਦੂਰ ਜੋ ਕਿਧਰੇ ਕੋਈ ਕਿਰਨ ਹੈ,
ਏ ਕਿਰਨ ਨਹੀ ਮਾਇਆਵੀ ਹਿਰਨ ਹੈ,
ਡਰਾਉਣਗੇ ਤੈਨੂੰ ਹਨੇਰਾ ਤੇ ਝੱਖੜ
ਇਹ ਘਰੋਂ ਟੁਰਨ ਦਾ ਵੇਲਾ ਨਹੀ ਹੈ।

ਨ ਚਿੜੀਆਂ ਦੀ ਚੂੰ ਚੂੰ ਨ ਕਿਰਨਾ ਦਾ ਚਾਨਣ
ਇਸ ਰਾਤ ਮੇਰੀ ਦਾ ਸਵੇਰਾ ਨਹੀ ਹੈ,
ਇਹ ਖਾਬਾਂ ਦੀ ਛਤਰੀ ਏ ਘਰ ਜੇ ਹੈ ਮੇਰਾ
ਇਸ ਘਰ ਦੀ ਨ ਛੱਤ ਕੋਈ ਬਨੇਰਾ ਨਹੀਂ ਹੈ।
~~~~ਰੋਜ਼ੀ ਸਿੰਘ~~~~~


Wednesday, October 3, 2007

ਗ਼ਜ਼ਲ

ਜਾ ਮੁੜ ਜਾ ਹੁਣ ਆਪਣੇ ਘਰ ਨੂੰ ਦੇਣਗੇ ਲੋਕੀ ਤਾਹਨਾ
ਹੁਣ ਤੱਕ ਸਾਰੇ ਭੁੱਲ ਗਏ ਹੋਣੇ ਤੇਰਾ ਜੋ ਅਫਸਾਨਾ ।

ਮਰ ਰਹੀਆਂ ਤਰਕਾਲਾਂ ਦੀ ਝੋਲੀ ਵਿੱਚ ਪਾ ਦੇਵੀਂ
ਕੋਸੋ ਕੋਸੇ ਹੁੰਝੁਆਂ ਦਾ ਤੂੰ ਸਾਂਭ ਕੇ ਰੱਖ ਨਜਰਾਨਾ।




ਕਈਂ ਵਾਰੀ ਕਿਸੇ ਹੋਰ ਦੇ ਹੰਝੁ ਅੱਖਾਂ ਵਿੱਚ ਆ ਜਾਂਦੇ
ਜਦ ਕਦੀ ਆਪਣਾ ਲਗਦਾ ਏ ਦਿਲ ਨੂੰ ਦਰਦ ਬੇਗਾਨਾ

ਸ਼ਾਂਮ ਪਈ ਨੂੰ ਫਿਰ ਘਰ ਜਾ ਕੇ ਦੱਸਣਾਂ ਪੈਣੈ ਤੈਨੂੰ
ਹੰਝੂਆਂ ਨੂੰ ਛੁਪਾਉਣ ਵਾਸਤੇ ਲੱਭ ਕੋਈ ਨਵਾਂ ਬਹਾਨਾ

ਜਦ ਹੁੰਦੀਆਂ ਸੀ ਸਾਂਝੀਆਂ ਪੀੜਾਂ,ਸਾਂਝੇ ਖੁਸ਼ੀ ਤੇ ਹਾਸੇ
ਲੰਘ ਗਏ ਉਹ ਸਮੇ ਪੁਰਾਣੇ ਆ ਗਿਆ ਹੋਰ ਜਮਾਨਾ

ਦੁੱਖ ਨਾ ਕਰ ਜੇ ਭੀੜ ਪਈ ਤੇ ਛੱਡ ਗਏ ਨੇ ਤੈਨੂੰ
ਏਸੇ ਕਰਕੇ ਗਿਐ ਪਰਖਿਆ ਯਾਰਾਂ ਦਾ ਯਾਰਾਨਾ

ਹਾਦਸੇ ਵਾਲੀ ਥਾਂ ਤੇ ਕੋਈ ਡਰਦਾ ਹੀ ਨਾ ਖੜਦਾ
ਤੜਪ ਤੜਪ ਕੇ ਅਕਸਰ ਯਾਰੋ ਟੁਰ ਜਾਂਦੀਆਂ ਜਾਨਾ

~~~ਰੋਜ਼ੀ ਸਿੰਘ~~~~~