Tuesday, November 13, 2007

ਅਲਵਿਦਾ.........!

ਉਹ ਅਕਸਰ ਹੀ ਮੈਨੂੰ ਆਖਿਆ ਕਰਦੀ ਸੀ,
ਕਦੀ ਹਨੇਰੇ ਚੋਂ ਬਾਹਰ ਆ,
ਰਸ਼ਨੀ ਕੀ ਏ ਤੈਨੂੰ ਅਜੇ ਇਸਦਾ ਅਹਿਸਾਸ ਨਹੀਂ।
ਪਾਣੀ ਦੀ ਕਲਪਨਾ ਨਦੀ ਨਹੀਂ ਹੈ,
ਸਾਗਰ ਕਿਨਾਰੇ ਚਲ,
ਛੂਹ ਕੇ ਵੇਖ ਚੰਚਲ ਲਹਿਰਾਂ ਨੂੰ ।

ਉਹ ਅਕਸਰ ਹੀ ਮੈਨੂੰ ਆਖਿਆ ਕਰਦੀ ਸੀ,
ਇਹ ਪੁਰਖਿਆਂ ਦੀਆਂ ਯਾਦਾਂ ਹੁਣ ਛੱਡ ਪਰਾਂ,
ਛੱਡ ਪਰਾਂ ਇਹ ਰੀਤਾਂ, ਇਹ ਅਡੰਬਰ,
ਇਹਨਾਂ ਵਿਚ ਤੇਰੀ ਯਾਦ ਉਲਝ ਅਸਤ ਜਾਵੇਗੀ,
ਚੱਲ ਕੇ ਆਜਾ ਰੋਸ਼ਨੀ ਵੱਲ।

ਉਹ ਅਕਸਰ ਹੀ ਮੈਨੂੰ ਆਖਿਆ ਕਰਦੀ ਸੀ,
ਦੁਪਿਹਰ ਵੇਲੇ ਸਿਵਿਆਂ ਵਿਚੋ ਲੰਘਣ ਦਾ ਡਰ ਤਰੇ ਮੰਨ ਦਾ ਏ,
ਇਕ ਦਿਨ ਤੂੰ ਵੀ ਤੇ ਮੈਂ ਵੀ ਏਥੇ ਆਉਣਾਂ ਏ,
ਤੇਰੀ ਵੀ ਥਾਂ ਏ ਇਥੇ,
ਆਪਣਾ ਹੱਕ ਸਾਂਭਣ ਦੀ ਜਾਚ ਸਿੱਖ,
ਜਾਚ ਸਿੱਖ ਜਿਉਣ ਦੀ।

ਜਦ ਕਦੇ ਮੈਂ ਘੌਰ ਉਦਾਸੀ ਪਲਾਂ ਵਿੱਚ ਗੁਆਚ ਜਾਂਦਾ,
ਤਾਂ ਉਹ ਅਕਸਰ ਹੀ ਮੈਨੂੰ ਆਖਿਆ ਕਰਦੀ ਸੀ,
ਨਿਕਲ ਆ ਇਹਨਾ ਹਨੇਰੇ ਦੇ ਜੰਗਲਾਂ ਵਿਚੋ,
ਆ ਫੜ ਲੈ ਮੇਰੀ ਬਾਂਹ, ਬਣਾ ਲੈ ਮੈਨੂੰ ਆਪਣੀ,
ਵਾਦਿਆਂ ਦੇ ਪੈਰ ਨਹੀਂ ਹੁੰਦੇ ਤੇ ਕੌਲ ਕਦੇ ਤ਼ੁਰ ਕੇ ਨਿਭਣ ਨਹੀਂ ਆਏ,
ਜੀਵਨ ਇਕ ਸਤਰੰਗੀ ਪੀਂਘ ਏ,
ਚੁਣ ਲੈ ਰੰਗ ਇਸਦੇ।

ਫਿਰ ਇਕ ਦਿਨ ਮੈਂ ਜਾਗ ਪਿਆ,
ਤੋੜ ਦਿਤੇ ਮੈਂ ਰੀਵਾਜ, ਸਾੜ ਦਿਤੀਆਂ ਰਸਮਾਂ,ਰੀਤਾਂ,
ਵਿਸਰ ਗਿਆ ਪੁਰਖਿਆਂ ਦੀਆਂ ਯਾਦਾਂ।

ਤੇ ਫਿਰ ਇਕ ਦਿਨ ਉਹ ਆਈ,
ਉਹ ਜੋ ਅਕਸਰ ਮੈਨੂੰ ਆਖਿਆ ਕਰਦੀ ਸੀ,
ਬਣਾ ਲੈ ਮੈਨੂੰ ਆਪਣੀ, ਬੜ ਲੈ ਮੇਰੀ ਬਾਂਹ।
ਪਰ ਅੱਜ ਉਹ ਕੁਝ ਹੋਰ ਆਖ ਗਈ,
ਸਿਰਜ ਗਈ ਕੁਝ ਨਵੀਆਂ ਰੀਤਾਂ,
ਰਚਾ ਗਈ ਇਕ ਨਵਾਂ ਅਡੰਬਰ,

ਉਸਦੇ ਬੋਲ ਅੱਜ ਤੱਕ ਮੇਰੇ ਕੰਨਾ ਚ ਗੁੰਜਦੇ ਨੇ,
ਅੜਿਆ ਮੈਂ ਤੇਰੀ ਨਹੀਂ ਹੋ ਸਕਦੀ,
ਸਮਾਜ ਮੈਨੂੰ ਤ਼ੇਰੀ ਨਹੀਂ ਹੋਣ ਦੇਵੇਗਾ,
ਅੱਛਾ ਮੈਂ ਚਲਦੀ ਆਂ,
ਅਲਵਿਦਾ.........!

(ਰੋਜ਼ੀ ਸਿੰਘ)