Monday, May 28, 2007

ਸਫੇਦ ਖੂਨ



ਮੈਂ ਸੁਣਿਆਂ ਸੀ,
ਖੂਨ ਦਾ ਰੰਗ ਲਾਲ ਹੁੰਦਾ ਏ।
ਡਾਕਟਰ ਕਹਿਦੇ ਨੇ ਕੇ,
ਆਰ.ਬੀ.ਸੀ. ਸੈਲ ਖੂਨ ਨੂੰ ਚਿੱਟਾ ਨਹੀਂ ਹੋਣ ਦਿੰਦੇ।
ਪਰ,
ਪਤਾ ਹੀ ਨਹੀਂ ਲੱਗਾ ਕਦੋਂ,
ਸਾਰੇ ਆਰ.ਬੀ.ਸੀ. ਮਰ ਗਏ,
ਤੇ ਸਾਰਾ ਖੂਨ ਸਫੈਦ ਹੋ ਗਿਆ,
ਨਹੀਂ ਤਾਂ ਇਨਸਾਨ ਵੱਲੋਂ,
ਕਦੀ ਮੰਦਿਰ ਤੇ ਕਦੀ ਮਸਜਿਦ,
ਕਦੀ ਕੋਮ, ਕਦੀ ਮਜਹਬ ਦੇ ਨਾਮ ਤੇ,
ਇਨਸਾਨ ਦਾ ਡੋਲਿਆ ਖੂਨ ਨਜਰੀਂ ਨਾ ਆਉਦਾ।

ਮੈਨੂੰ ਲਗਦੈ,
ਖੂਨ ਹੁਣ ਹੰਜੂਆਂ ਜਿਹਾ ਏ,
ਜਿਸ ਦਾ ਕੋਈ ਰੰਗ ਨਹੀਂ,
ਜਿਸ ਨਾਲ ਕੋਈ ਆਪਣਾ ਦਰਦ,
ਸਵਿਦਾਨ ਦੇ ਕੁਝ ਖਾਲੀ
ਪਏ ਪੰਨਿਆਂ ਤੇ ਨਹੀਂ ਲਿਖ ਸਕਦਾ।
ਨਈਂ ਸੱਚ,
ਸਵਿਧਾਨ ਵਿੱਚ ਤਾਂ ਕਾਨੂੰਨ ਤੇ ਮਨੁੱਖ ਦੇ ਕਰਤਵ ਲਿਖੇ ਹੁੰਦੇ ਨੇ,
ਉਥੇ ਕੋਈ ਮਾਂ ਆਪਣੇ ਪੁੱਤਰ,
ਕੋਈ ਭੈਣ ਆਪਣੇ ਭਰਾ,
ਕੋਈ ਪਤਨੀ ਆਪਣੇ ਪਤੀ,
ਦੀ ਲਾਸ਼ ਤੇ ਕੀਤੇ ਵਿਰਲਾਪ ਕਿਵੇਂ ਲਿਖ ਸਕਦੀ ਏ।
ਲਾਲ ਹਨੇਰੀ ਚੜੀ ਏ,
ਰੇਡੀਓ ਤੇ ਕਿਸੇ ਦੇ ਕਤਲ ਦੀ ਖ਼ਬ਼ਰ ਨਸ਼ਰ ਹੋਈ ਹੋਵੇਗੀ।
ਪਰ ਨਈਂ,
ਹੁਣ ਤਾਂ ਰੋਜ਼ ਅਖਬਾਰਾਂ ਵਿੱਚ ਕਿਸੇ ਨਾ ਕਿਸੇ ਦੇ,
ਕਤਲ ਦੀ ਖ਼ਬ਼ਰ ਹੁੰਦੀ ਏ,
ਲਾਲ ਹਨੇਰੀ ਵੀ ਕੀ ਕਰੇ,
ਵਿਚਾਰੀ ਡਰਦੀ ਏ,
ਕੇ ਕਿਤੇ ਇਨਸਾਨਾਂ ਵਾਂਗੂ,
ਕੋਈ ਉਸ ਦਾ ਵੀ ਕਤਲ ਨਾ ਕਰ ਦੇਵੇ।

(ਫੋਟੋਆਂ ਦਿੱਲੀ ਦੰਗਿਆਂ ਦੀਆਂ ਹਨ)





Saturday, May 19, 2007

ਸਾਡੀ ਜਿੰਦਗੀ ਦਾ ਦਾਅਵੇਦਾਰ ਤੂੰ


ਸੋਗ ਤੂੰ, ਖੁਸ਼ੀ ਤੁੰ ਤੇ ਪਿਆਰ ਤੂੰ
ਤੇਗ ਤੂੰ ਹੈਂ,ਢਾਲ ਤੂੰ ਤੇ ਵਾਰ ਤੂੰ

ਪਰਿੰਦਿਆਂ ਦੇ ਗਲ ਦੀ ਗਾਨੀ ਵੀ
ਫਾਂਸੀ ਬਣ ਜਾਂਦੈ ਜੋ,ਉਹ ਹਾਰ ਤੂੰ

ਦਲੀਲ ਵੀ,ਅਪੀਲ ਵੀ,ਵਕੀਲ ਵੀ
ਸਾਡੀ ਜਿੰਦਗੀ ਦਾ ਦਾਅਵੇਦਾਰ ਤੂੰ

ਤਪਦੀਆਂ ਰੂਹਾਂ ਦੇ ਉਤੇ ਵੀ ਕਦੇ
ਮੀਂਹ ਦੀ ਬਣ ਜਾਂਦੈ ਹੈਂ ਬੁਛਾਰ ਤੂੰ

ਸੋਚਾਂ ਦੇ ਪੈਰਾਂ ਦੀ ਝਾਜਰ ਵੀ ਕਦੇ
ਹੈਂ ਗਲੇ ਦਾ ਹੁੰਦਾ ਰਾਣੀ ਹਾਰ ਤੂੰ

ਦਿਲ ਦੀ ਕੀਮਤ ਦਾ ਤੈਨੂੰ ਕੀ ਪਤਾ
ਲਭਦੈ ਹੈ ਜਿਨੂੰ ਭਰੇ ਬਜਾਰ ਤੂੰ

ਕੀ ਤੈਨੂੰ ਕਹੀਏ ਵੇ ਨਿਰਮੋਹਿਆ
ਰੋਜ਼ੀ ਦਾ ਵੀ ਹੈਗਾ ਏ ਨਾ ਯਾਰ ਤੂੰ

~~~~ਰੋਜ਼ੀ ਸਿੰਘ ~~~~

Sunday, May 13, 2007

ਪਿਆਰ ਦੀ ਗੱਲ

ਬਹੁਤ ਯਾਦ ਆਉਂਦੀ ਏ ਯਾਰ ਦੀ ਗੱਲ
ਜਦ ਕਦੇ ਛਿੜਦੀ ਏ ਪਿਆਰ ਦੀ ਗੱਲ

ਖੂਬਸੂਰਤ ਫੁੱਲਾਂ ਦਾ ਚੇਤਾ ਆ ਜਾਂਦੈ
ਕਰਦਾ ਏ ਜਦ ਕੋਈ ਬਹਾਰ ਦੀ ਗੱਲ

ਝਾਂਜਰ, ਝੁਮਕੇ, ਲਾਲੀ ਤੇ ਕੱਜਲ
ਸਭ ਮਿਲਕੇ ਰਚਦੇ ਸਿੰਗਾਰ ਦੀ ਗੱਲ

ਅੱਖਾਂ ਚ ਸ਼ਰਮ ਸੀ, ਬੁੱਲਾਂ ਤੇ ਕੰਪਨ
ਹਾਏ ! ਓਹ ਤੇਰੇ ਇਜਹਾਰ ਦੀ ਗੱਲ

ਹਰ ਤਰਫ ਅੱਗਾਂ ਨੇ, ਮੌਤ ਹੈ, ਚੀਕਾਂ ਨੇ
ਕੋਈ ਸੁਣਦੀ ਨ੍ਹੀ ਅਮਨ ਪਿਆਰ ਦੀ ਗੱਲ

ਇਨਸਾਨੀਅਤ ਨੂੰ ਜਿਉਂਦਾ ਸਾੜਨ ਵਾਲੇ
ਜਾਨਣ ਕੀ ਅੰਤਿਮ ਸੰਸਕਾਰ ਦੀ ਗੱਲ ।

ਗਲੋਂ ਲਾਓ ਏ ਕੌਮਾਂ,ਮਜਹਬਾਂ ਦੇ ਚੱਕਰ
ਆਓ ਕਰੀਏ ਮੁਹੱਬਤ ਪਿਆਰ ਦੀ ਗੱਲ