Saturday, January 26, 2008

ਨੇਰ੍ਹੇ ਦੀ ਔਕਾਤ

ਇਨ੍ਹਾਂ ਪਾਵਨ ਪੰਨਿਆਂ ਤੇ ਉਹ ਬਾਤ ਵੀ ਲਿਖਣੀ ਪਈ
ਅੱਖਾਂ ਵਿੱਚੋਂ ਨੀਂਦ ਵਿਹੂਣੀ ਉਹ ਰਾਤ ਵੀ ਲਿਖਣੀ ਪਈ

ਪਤਾ ਨਾ ਲੱਗਾ ਕਦ ਸਾਨੂੰ ਉਹ ਭਰ ਕੇ ਮੁੱਠੀ ਦੇ ਗਏ
ਛੋਟੀ ਉਮਰੇ ਹੰਝੂਆਂ ਦੀ ਸੋਗਾਤ ਵੀ ਲਿਖਣੀ ਪਈ

ਜੋ ਕੁਝ ਉਹਨਾਂ ਝੋਲੀ ਪਾਇਆ ਘਰ ਜਾ ਕੇ ਜਦ ਡਿੱਠਾ
ਮਜਲੂਮਾਂ ਨੂੰ ਮਿਲੀ ਸੀ ਜੋ ਖੈਰਾਤ ਵੀ ਲਿਖਣੀ ਪਈ

ਮੈਂ ਨਹੀਂ ਚਾਹੁੰਦਾ ਹਨੇਰਾ ਪੜ ਕੇ ਇਸ ਨੂੰ ਖੌਲ ਪਏ
ਮਜਬੂਰੀ ਵੱਸ ਮੈਨੂੰ ਸੱਚੀ ਬਾਤ ਵੀ ਲਿਖਣੀ ਪਈ

ਮੈ ਦੱਸਿਆਂ ਇਨਸਾਨ ਹਾਂ ਮੈਂ ਫਿਰ ਵੀ ਓ ਸਮਝੇ ਈ ਨਾ
ਆਖਿਰ ਆਪਣੇ ਨਾਮ ਪਿਛੇ ਜਾਤ ਵੀ ਲਿਖਣੀ ਪਈ

ਜੋ ਅਸਾਡੇ ਸੀਨਿਆਂ ਨੂੰ ਦੇ ਗਏ ਦਿਲ ਬਦਲੇ ਉਹ
ਨਾ ਚਾਹੁੰਦਿਆਂ ਮੈਨੂੰ ਉਹ ਸ਼ੁਕਰਾਤ ਵੀ ਲਿਖਣੀ ਪਈ

ਜੋ ਮੇਰੇ ਚਾਵਾਂ ਦੇ ਲਈ ਸੀ ਕਾਲੀ ਸ਼ਿਆ ਰਾਤ ਵਾਂਗ
ਹਾਏ...! ਮੈਨੂੰ ਇੰਝ ਦੀ ਪ੍ਰਭਾਤ ਵੀ ਲਿਖਣੀ ਪਈ

ਬਹੁਤ ਜਦ ਕੋਹਰਾਮ ਮੱਚਿਆ ਤਾਂ ਹਨੇਰੇ ਨੱਚ ਪਏ
ਫਿਰ ਸ਼ਮਾਂ ਨੂੰ ਨੇਰ੍ਹੇ ਦੀ ਔਕਾਤ ਵੀ ਲਿਖਣੀ ਪਈ ।