ਉਂਝ ਤਾਂ ਮੈਂ ਵੀ ਦੁਨੀਆਂ ਦੀਆਂ ਨਜ਼ਰਾਂ ਵਿੱਚ ਮਹਾਨ ਬੰਦਾ ਵਾਂ,
ਆਦਰਸ਼ਵਾਦੀ,
ਪਰ ਕੌਣ ਪੜ ਸਕਦੈ,
ਕਿਸੇ ਦੇ ਦਿਲ ਦੀਆਂ ਪਰਤਾਂ।
ਉਂਝ ਤਾਂ ਮੈਂ ਵੀ ਨਿੱਤ ਨਵੇਂ ਮਖੌਟੇ ਇਸ ਚਿਹਰੇ ਤੇ ਸਜਾ ਲੈਂਦਾਂ
ਬਹਿਰੂਪੀਆਂ ਵਾਗ
ਪਰ ਕੌਣ ਛੁਪਾ ਸਕਦੈ,
ਸ਼ੀਸ਼ੇ ਸ਼ਨਮੁੱਖ ਆਪਣਾ ਚਿਹਰਾ।
ਉਂਝ ਤਾਂ ਮੈਂ ਵੀ ਕ੍ਰਾਂਤੀਵਾਦੀ,
ਜੂਝਾਰੂ ਸੌਚ ਰੱਖਣ ਦੇ ਦਾਅਵੇ ਕਰਦਾਂ
ਪਰ ਸ਼ਾਮ ਨੂੰ ਸਰਮਾਏਦਾਰੀ ਨਿਜਾਮ ਦੇ ਲੋਕਾਂ ਨਾਲ,
ਜਾਂਮ ਵੀ ਟਕਰਾ ਲੈਂਦਾਂ।
ਉਂਝ ਤੇ ਮੈਂ ਵੀ,
ਗਰੀਬਾਂ ਗਲ ਪਈਆਂ,
ਲੰਗਾਰ ਹੋਈਆਂ ਕਮੀਜਾਂ ਦੇਖ ਕੇ,
ਦੁਖੀ ਹੋਣ ਦਾ ਢੌਂਗ ਰਚ ਲੈਂਦਾਂ,
ਪਰ ਵਿਹੜਾ ਸਾਂਬਰਦੀ ਕਿਸੇ ਗਰੀਬ ਕੰਜਕ ਦੇ,
ਲੰਗਾਰਾਂ ਚੋਂ ਡੁੱਲਦਾ ਹੁਸਣ ਤੱਕਣੋਂ ਵੀ ਨਹੀਂ ਟਲਦਾ।
ਉਂਝ ਤਾਂ ਮੈਂ ਵੀ ਦੁੱਖ ਦੇ ਵਕਤ,
ਅਫਸੋਸ ਦੀ ਲੋਈ ਓੜ ਕੇ,
ਸ਼ਰੀਕਾਂ ਘਰੇ ਜਾ ਆਉਂਦਾਂ
ਤੇ ਅੰਦਰ ਇੱਕ ਖੋਖਲਾ ਜਿਹਾ ਹਾਸਾ ਦਬਾਈ ਪਰਤ ਆਉਂਦਾਂ।
ਬੜਾ ਕਮਜੋਰ ਹਾਂ ਮੈਂ,
ਲਾਚਾਰ,
ਡਰਦਾ ਰਹਿੰਦਾਂ ਆਪਣੇ ਅੰਦਰ ਲੁਕੇ ਸੱਚ ਤੋਂ ,
ਕੌਣ ਜਾਣਦੈ,
ਮਹਾਣ ਹੋਣ ਦਾ ਭਰਮ,
ਕਦ ਟੁੱਟ ਜਾਵੇ.......!