Wednesday, February 28, 2007

ਯਾਦਾਂ ਦਾ ਪੁੱਲ




ਸਰਦ ਰਾਤਾਂ ਚ ਜੋ ਵਿਛ ਜਾਣ ਚਾਨਣੀ ਦੇ ਵਾਂਗ
ਇਹ ਮੇਰੀਆਂ ਬਦਨਾਮ ਤੇ ਗੁਸਤਾਖ ਪ੍ਰਭਾਤਾਂ ਨੇ

ਜੋ ਇਸ ਤਰਾਂ ਜਗਾ ਦਿੰਦੀਆਂ ਨੇ ਮੈਨੂੰ ਨੀਂਦ ਚੋ
ਮੇਰੇ ਦੋਸਤਾਂ ਨੇ ਦਿਤੀਆਂ ਅਨਮੋਲ ਸੋਗਾਤਾਂ ਨੇ

ਸ਼ਿਆ ਚਸ਼ਮਾਂ ਬਣ ਜਾਂਦੀਆਂ ਚਿਟੇ ਦਿਨ ਜੋ
ਪਿਆਰ ਦੀਆਂ ਇਹ ਬਹੁਤ ਪ੍ਰਾਚੀਨ ਰਿਵਾਇਤਾਂ ਨੇ

ਉਨੀਂਦਰਾ,ਇਹ ਤਲਖੀਆਂ,ਇਹ ਹੰਝੂ ਇਹ ਸਭ ਜੋ ਹੈ
ਤੇਰੇ ਸ਼ਹਿਰ ਵਿੱਚ ਵਿਕਦੀਆਂ ਨਿਤ ਰੋਜ਼ ਸੁਗਾਤਾਂ ਨੇ

ਰਹਿਣ ਦੇ ਇਹ ਦੋਸਤੀ,ਅਪਨਾਪਨ ਤੇ ਇਹ ਜਜ਼ਬਾਤ
ਇਹ ਤਾਂ ਗੂੜੀ ਪ੍ਰੀਤ, ਮੁਹੱਬਤ ,ਮੋਹ ਦੀਆਂ ਬਾਤਾਂ ਨੇ

ਤੂੰ ਤਾਂ ਐਵੇਂ ਇਹਨਾ ਨੂੰ ਇੰਝ ਵੇਖ ਕੇ ਤ੍ਰਬਕ ਗਿਐਂ
ਇਹ ਤਾਂ ਮੇਰੇ ਹਾਣਦੀਆਂ ਕੁਝ ਕਾਲੀਆਂ ਰਾਤਾਂ ਨੇ

ਚੋਰ ਬਜਾਰੀ, ਮਕਾਰੀ, ਧੋਖੇਬਾਜੀ, ਜਾਲਸਾਜੀ
ਅੱਜ ਕੱਲ ਦੁਨੀਆਂ ਵਿੱਚ ਇਹ ਬੰਦੇ ਦੀਆਂ ਜਾਤਾਂ ਨੇ

ਤੂੰ ਹੀ ਲੰਘ ਸਕਦਾ ਹੈਂ ਇਹ ਜੋ ਯਾਦਾਂ ਦਾ ਪੁਲ ਬਣਿਐਂ
ਤੂੰ ਅੱਗ ਤੇ ਵੀ ਟੁਰ ਸਕਦੈਂ ਤੇਰੀਆਂ ਕਿਆ ਬਾਤਾਂ ਨੇ ।

~~~~ਰੋਜ਼ੀ ਸਿੰਘ~~~~